ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇ. ਨੇ ਸਰਹੱਦੀ ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੇ ਦਿੱਤੇ ਆਦੇਸ਼
ਅੰਮ੍ਰਿਤਸਰ, 8 ਮਈ-ਭਾਰਤ-ਪਾਕਿਸਤਾਨ ਵਿਵਾਦ ਦੇ ਚਲਦਿਆਂ ਸਰਹੱਦੀ ਜ਼ਿਲ੍ਹਿਆਂ ਦੇ ਲੋਕ ਪਿੰਡਾਂ ਨੂੰ ਛੱਡ ਸੁਰੱਖਿਅਤ ਥਾਵਾਂ ਉਤੇ ਜਾ ਰਹੇ ਹਨ। ਲੋਕਾਂ ਵਲੋਂ ਪਿੰਡਾਂ ਨੂੰ ਖਾਲੀ ਕੀਤਾ ਜਾ ਰਿਹਾ ਹੈ, ਇਸ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਖਾਲੀ ਹੋ ਚੁੱਕੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਰੱਖਿਅਤ ਥਾਵਾਂ ਉਤੇ ਪਹੁੰਚਾਏ ਜਾਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਠੀਕ ਨਹੀਂ, ਇਸ ਨੂੰ ਲੈ ਕੇ ਸਰਹੱਦੀ ਪਿੰਡਾਂ ਦੇ ਲੋਕ ਪਿੰਡ ਖਾਲੀ ਕਰਕੇ ਸੁਰੱਖਿਅਤ ਥਾਵਾਂ ਉਤੇ ਜਾ ਰਹੇ ਹਨ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਪਿੰਡ ਖਾਲੀ ਹੋ ਰਹੇ ਹਨ, ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਅਤ ਜਗ੍ਹਾ ਉਤੇ ਲਿਜਾਇਆ ਜਾਵੇ। ਉਨ੍ਹਾਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਘਰਾਂ, ਮਸਜਿਦਾਂ, ਮੰਦਰਾਂ ਦੀ ਰਾਖੀ ਕਰਨ ਅਤੇ ਇਨ੍ਹਾਂ ਉਤੇ ਹਮਲੇ ਨਾ ਕੀਤੇ ਜਾਣ ਕਿਉਂਕਿ ਧਰਮ ਸਭ ਦੇ ਸਾਂਝੇ ਹੁੰਦੇ ਹਨ, ਸਰਕਾਰਾਂ ਵਲੋਂ ਧਾਰਮਿਕ ਅਸਥਾਨਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ।