ਵੱਡੀ ਖ਼ਬਰ: ਪਾਕਿਸਤਾਨ ਤੇ ਅੱਧੀ ਰਾਤ ਭਾਰਤ ਨੇ ਕੀਤਾ ਹਮਲਾ, 9 ਟਿਕਾਣਿਆਂ ਤੇ ਲਾਇਆ ਨਿਸ਼ਾਨਾ

ਨਵੀਂ ਦਿੱਲੀ, 7 ਮਈ- ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਂਦਿਆਂ ਭਾਰਤੀ ਹਥਿਆਰਬੰਦ ਬਲਾਂ ਨੇ ਅੱਜ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਨੌਂ ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਵਿਚ ਬਹਾਵਲਪੁਰ ਵੀ ਸ਼ਾਮਿਲ ਹੈ ਜੋ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਭਾਰਤੀ ਫੌਜ ਨੇ ਤੜਕੇ 1.44 ਵਜੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਫੌਜੀ ਹਮਲੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਕੀਤੇ ਗਏ ਹਨ। ਫੌਜ ਨੇ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ, ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਸੀ, ਜਿਥੋਂ ਭਾਰਤ ਵਿਰੁੱਧ ਦਹਿਸ਼ਤੀ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਨ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ਕੇਂਦਰਤ ਤੇ ਨਪੀਆਂ ਤੁਲੀਆਂ ਰਹੀਆਂ ਹਨ। ਭਾਰਤੀ ਫੌਜ ਨੇ ਕਿਹਾ ਕਿ ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।