ਮੁਹਾਲੀ ਪੁਲਿਸ ਨੇ ਕੀਤਾ ਬਲੈਕ ਆਊਟ ਅਭਿਆਸ

ਚੰਡੀਗੜ੍ਹ, 7 ਮਈ (ਕਪਲ ਵਧਵਾ)-ਬਲੈਕ ਆਊਟ ਦਾ ਅਭਿਆਸ ਕਰਨ ਲਈ ਮੁਹਾਲੀ ਪੁਲਿਸ ਨੇ ਇੰਡਸਟਰੀ ਏਰੀਆ ਫੇਜ਼ 8 ਵਿਖੇ ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰਵਾਈਆਂ। ਉਨ੍ਹਾਂ ਇਸ ਅਭਿਆਸ ਦੇ ਚਲਦਿਆਂ ਹਵਾਈ ਹਮਲੇ ਤੋਂ ਬਚਾਉਣ ਲਈ ਇਲਾਕੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਇਹ ਅਭਿਆਸ ਸ਼ਾਮ 7:30 ਵਜੇ ਸ਼ੁਰੂ ਹੋਇਆ ਤੇ 7:40 ਤੱਕ ਚਲਾਇਆ ਗਿਆ। ਇਸ ਮੌਕੇ ਪੂਰੇ ਮੁਹਾਲੀ ਵਿਖੇ ਬਿਜਲੀ ਬੰਦ ਕਰ ਦਿੱਤੀ ਗਈ, ਜਿਸ ਨਾਲ ਇਲਾਕੇ ਵਿਚ ਹਨੇਰਾ ਛਾਅ ਗਿਆ। ਹਾਲਾਂਕਿ ਇਸ ਅਭਿਆਸ ਦਾ ਸੁਨੇਹਾ ਪੂਰੇ ਉਦਯੋਗਿਕ ਖੇਤਰ ਵਿਚ ਨਾ ਫੈਲ ਸਕਿਆ, ਜਿਸ ਕਾਰਨ ਸਥਾਨਕ ਇਕ ਇਮਾਰਤ ਵਿਚ ਐਮਰਜੈਂਸੀ ਲਾਈਟ ਚਲਦੀ ਰਹੀ। ਇਸ ਉਤੇ ਮੁਹਾਲੀ ਦੇ ਐਸ. ਐਸ. ਪੀ. ਦੀਪਕ ਪਰਿਕ ਨੇ ਕਿਹਾ ਕਿ ਇਹ ਸਿਰਫ ਇਕ ਅਭਿਆਸ ਸੀ, ਜਿਸ ਦੌਰਾਨ ਕੋਈ ਸਖ਼ਤੀ ਨਹੀਂ ਵਰਤੀ ਗਈ, ਇਲਾਕੇ ਵਿਚ ਕੁਝ ਥਾਵਾਂ ਉਤੇ ਲਾਈਟ ਜਗਦੀ ਰਹੀ।