ਪ੍ਰਸ਼ਾਸਨ ਨੇ ਅੰਮ੍ਰਿਤਸਰ ਵਿਚ ਤੜਕੇ ਮੁੜ ਕੀਤਾ ਬਲੈਕ ਆਊਟ ਅਭਿਆਸ

ਅੰਮ੍ਰਿਤਸਰ, 8 ਮਈ (ਜਸਵੰਤ ਸਿੰਘ ਜੱਸ)- ਬੀਤੀ ਰਾਤ 10:30 ਤੋਂ 11 ਵਜੇ ਤੱਕ ਬਲੈਕ ਆਊਟ ਕੀਤੇ ਜਾਣ ਤੋਂ ਬਾਅਦ ਅੱਧੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਹੋਣ ਅਤੇ ਇਸ ਸਮੇਂ ਦੌਰਾਨ ਕੁਝ ਧਮਾਕਿਆਂ ਵਰਗੀਆਂ ਆਵਾਜ਼ਾਂ ਸੁਣਾਈ ਦੇਣ ਬਾਅਦ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ। ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੜਕੇ 2 ਵਜੇ ਦੇ ਕਰੀਬ ਜਾਰੀ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਕਿ ਬਹੁਤ ਸਾਵਧਾਨੀ ਵਰਤਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਦੁਬਾਰਾ ਬਲੈਕਆਊਟ ਅਭਿਆਸ ਸ਼ੁਰੂ ਕਰ ਦਿੱਤਾ ਹੈ। ਕਿਰਪਾ ਕਰਕੇ ਘਰ ਰਹੋ, ਘਬਰਾਓ ਨਾ ਅਤੇ ਆਪਣੇ ਘਰ ਦੇ ਬਾਹਰ ਇਕੱਠੇ ਨਾ ਹੋਵੋ, ਆਪਣੀਆਂ ਘਰ ਦੇ ਬਾਹਰ ਵਾਲੀਆਂ ਲਾਈਟਾਂ ਬੰਦ ਰੱਖੋ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਕੋਈ ਵੀ ਅਣ-ਪ੍ਰਮਾਣਿਤ ਸਮੱਗਰੀ ਅੱਗੇ ਸ਼ੇਅਰ ਨਾ ਕਰਨ ਦੀ ਵੀ ਹਦਾਇਤ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਮੁੜ ਬਿਜਲੀ ਸਪਲਾਈ ਆਮ ਵਾਂਗ ਬਹਾਲ ਹੋ ਗਈ।