ਭਾਈ ਗੋਬਿੰਦ ਲੌਂਗੋਵਾਲ ਦੀ ਸਪੁੱਤਰੀ ਬੀਬਾ ਗੁਰਮਨ ਕੌਰ ਪੰਜ ਤੱਤਾਂ 'ਚ ਵਿਲੀਨ

ਲੌਂਗੋਵਾਲ, 25 ਅਗਸਤ (ਵਿਨੋਦ ਸ਼ਰਮਾ, ਸ਼ੇਰ ਸਿੰਘ ਖੰਨਾ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਨੌਜਵਾਨ ਸਪੁੱਤਰੀ ਬੀਬਾ ਗੁਰਮਨ ਕੌਰ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਲੌਂਗੋਵਾਲ ਦੇ ਰਾਮ ਬਾਗ਼ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ। ਬੀਬਾ ਗੁਰਮਨ ਕੌਰ ਪਿਛਲੇ ਸਵਾ ਸਾਲ ਤੋਂ ਦਿਮਾਗ ਦੇ ਕੈਂਸਰ (ਬ੍ਰੇਨ ਟਿਊਮਰ) ਦੀ ਬੀਮਾਰੀ ਤੋਂ ਪੀੜਤ ਸਨ। ਉਹ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਜ਼ੇਰੇ ਇਲਾਜ ਸਨ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ, ਪਾਰਟੀ ਵਰਕਰਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸਸਕਾਰ ਮੌਕੇ ਬੀਬਾ ਗੁਰਮਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਨੇ ਦੁਸ਼ਾਲਾ ਭੇਟ ਕੀਤਾ ਅਤੇ ਸਸਕਾਰ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਕਾਲੀ ਦਲ ਨੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ। ਬੀਬਾ ਗੁਰਮਨ ਕੌਰ ਦੀ ਚਿਤਾ ਨੂੰ ਅਗਨੀ ਭਰਾ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਦਿੱਤੀ। ਉਪਰੰਤ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਵਿਖੇ ਅਲਾਹਣੀਆਂ ਦੇ ਪਾਠ ਕੀਤੇ ਗਏ। ਉੱਚ ਵਿੱਦਿਆ ਪ੍ਰਾਪਤ ਬੀਬਾ ਜੀ ਲੌਂਗੋਵਾਲ ਪਰਿਵਾਰ ਦੇ ਊਰਜਾਵਾਨ ਮੈਂਬਰ ਸਨ ਅਤੇ ਹਰ ਕਾਰਜ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਇਲਾਕੇ ਵਿਚ ਸੋਗ ਪਸਰ ਗਿਆ ਹੈ। ਵਰ੍ਹਦੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ, ਪਾਰਟੀ ਵਰਕਰਾਂ ਅਤੇ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਲੌਂਗੋਵਾਲ ਨਿਵਾਸ ਉਤੇ ਪੁੱਜ ਕੇ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਸੰਸਕਾਰ ਮੌਕੇ ਹਾਜ਼ਰੀ ਭਰੀ।