ਲੌਂਗੋਵਾਲ ਵਿਚ ਭਾਰੀ ਬਰਸਾਤ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ

ਲੌਂਗੋਵਾਲ, 25 ਅਗਸਤ (ਵਿਨੋਦ, ਸ. ਖੰਨਾ)-ਤਕਰੀਬਨ 30 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਲੌਂਗੋਵਾਲ ਇਲਾਕੇ ਵਿਚ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਪੂਰਾ ਲੌਂਗੋਵਾਲ ਮੀਂਹ ਦੇ ਪਾਣੀ ਵਿਚ ਡੁੱਬਿਆ ਨਜ਼ਰ ਆ ਰਿਹਾ ਹੈ। ਸਥਾਨਕ ਟੈਗੋਰ ਵਿਦਿਆਲਿਆ ਵਾਲੀ ਸੜਕ ਅੱਗੇ ਨਵੇਂ ਬਣੇ ਕੁੜੀਆਂ ਵਾਲੇ ਸਕੂਲ ਨੂੰ ਜੋੜਦੀ ਹੈ, ਮੀਂਹ ਦੇ ਪਾਣੀ ਵਿਚ ਵਿਖਾਈ ਨਹੀਂ ਦੇ ਰਹੀ। ਜੈਦ ਪੱਤੀ ਸ਼ਮਸ਼ਾਨ ਘਾਟ ਅਤੇ ਕੁੜੀਆਂ ਵਾਲੇ ਸਕੂਲ, ਦੁੱਲਟ ਅਤੇ ਜੈਦ ਪੱਤੀ ਅਤੇ ਹੋਰਨਾਂ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ।
ਕਮਜ਼ੋਰ, ਪੁਰਾਣੇ ਅਤੇ ਕੱਚੇ ਘਰਾਂ ਵਾਲਿਆਂ ਦੀ ਇਸ ਭਿਆਨਕ ਬਾਰਿਸ਼ ਨੇ ਨੀਂਦ ਹਰਾਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇਥੋਂ ਲੰਘਦਾ ਰਜਵਾਹਾ ਵੀ ਨੱਕੋ-ਨੱਕ ਭਰਿਆ ਹੈ, ਜਿਸ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਦੁੱਲਟ ਪੱਤੀ ਦੇ ਲੋਕਾਂ ਨੇ ਭਾਵੇਂ ਮਿੱਟੀ ਦੀਆਂ ਬੋਰੀਆਂ ਲਗਾ ਕੇ ਰਜਵਾਹੇ ਨੂੰ ਟੁੱਟਣ ਤੋਂ ਰੋਕਿਆ ਹੋਇਆ ਹੈ ਪਰ ਵਧ ਰਿਹਾ ਪਾਣੀ ਖਤਰੇ ਦੀ ਘੰਟੀ ਬਣਿਆ ਹੋਇਆ ਹੈ। ਬਾਬਾ ਸੀਤਾ ਰਾਮ ਦੇ ਡੇਰੇ ਨੇੜੇ ਵੀ ਰਜਵਾਹੇ ਦੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ। ਇਥੇ ਹਾਲਾਤ ਨੂੰ ਦੇਖਣ ਲਈ ਪਹੁੰਚੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਨੇ ਸਰਕਾਰੀ ਪ੍ਰਬੰਧਾਂ ਉਤੇ ਸਵਾਲ ਚੁੱਕੇ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਹਰ ਮਦਦ ਲਈ ਹਮੇਸ਼ਾ ਤਿਆਰ ਹਨ।
ਗੁਰਤੇਗ਼ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਰਜਵਾਹਾ ਵਿਭਾਗ ਵਲੋਂ ਨਵਾਂ ਬਣਵਾਇਆ ਜਾ ਰਿਹਾ ਹੈ ਜੋ ਅਜੇ ਤੱਕ ਮੁਕੰਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪੁਰਾਣੇ ਰਜਵਾਹੇ ਦੀ ਸਮਰੱਥਾ ਜਾਂਚੇ ਬਿਨਾਂ ਹੀ ਇਸ ਰਜਵਾਹੇ ਵਿਚ ਵਾਧੂ ਪਾਣੀ ਛੱਡ ਦਿੱਤਾ ਜੋ ਕਿ ਹੁਣ ਖਤਰੇ ਦੀ ਘੰਟੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਇਹ ਮਸਲਾ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਓਵਰਫਲੋਅ ਹੋ ਕੇ ਇਹ ਰਜਵਾਹਾ ਟੁੱਟ ਗਿਆ ਤਾਂ ਸੈਂਕੜੇ ਘਰਾਂ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਰਜਵਾਹੇ ਨੇੜਲੇ ਲੋਕਾਂ ਨੇ ਵਿਭਾਗ ਦੇ ਧਿਆਨ ਵਿਚ ਮਸਲਾ ਲਿਆਂਦਾ ਪਰ ਮਹਿਕਮਾ ਉਡੀਕ ਕਰਨ ਲਈ ਕਹਿ ਰਿਹਾ ਹੈ। ਜੇਕਰ ਇਹ ਰਜਵਾਹਾ ਟੁੱਟ ਗਿਆ ਤਾਂ ਮੰਜਰ ਭਿਆਨਕ ਹੋਵੇਗਾ। ਸਰਕਾਰ ਸਮਾਂ ਰਹਿੰਦਿਆਂ ਇਸ ਸਥਿਤੀ ਵੱਲ ਧਿਆਨ ਦੇਵੇ।