ਜਲੰਧਰ ਅਮੋਨੀਆ ਗੈਸ ਲੀਕ ਘਟਨਾ: 25 ਤੋਂ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਜਲੰਧਰ, 25 ਅਗਸਤ-ਪੰਜਾਬ ਦੇ ਜਲੰਧਰ ਦੇ ਪੱਛਮੀ ਹਲਕੇ ਵਿਚ ਸਰਜੀਕਲ ਕੰਪਲੈਕਸ ਨੇੜੇ ਸਥਿਤ ਮੈਟਰੋ ਮਿਲਕ ਵਿਚ ਅਮੋਨੀਆ ਗੈਸ ਲੀਕ ਹੋਈ। ਇਸ ਘਟਨਾ ਨਾਲ ਫੈਕਟਰੀ ਦੇ ਕਰਮਚਾਰੀਆਂ ਵਿਚ ਦਹਿਸ਼ਤ ਫੈਲ ਗਈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਪ੍ਰਸ਼ਾਸਨ ਕਰੇਨ ਦੀ ਮਦਦ ਨਾਲ ਕੰਧ ਤੋੜ ਕੇ ਮਜ਼ਦੂਰਾਂ ਨੂੰ ਬਾਹਰ ਕੱਢ ਰਿਹਾ ਹੈ। ਜਦੋਂ ਗੈਸ ਲੀਕ ਹੋਈ ਤਾਂ 25 ਤੋਂ 30 ਲੋਕ ਅੰਦਰ ਫਸ ਗਏ ਜਿਨ੍ਹਾਂ ਨੂੰ ਕਰੇਨ ਅਤੇ ਪੌੜੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਸ ਘਟਨਾ ਬਾਰੇ ਸਹਾਇਕ ਡਵੀਜ਼ਨਲ ਫਾਇਰ ਅਫਸਰ ਮਨਿੰਦਰ ਸਿੰਘ ਨੇ ਕਿਹਾ ਕਿ ਅਮੋਨੀਆ ਗੈਸ ਲੀਕ ਹੋਣ ਦੀ ਸੂਚਨਾ ਲਗਭਗ 5:15 ਵਜੇ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਗੈਸ ਕਿਵੇਂ ਲੀਕ ਹੋਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਅੰਦਰ ਕੋਈ ਧਮਾਕਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਫਸੇ ਹੋਏ 25 ਤੋਂ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਜੇਕਰ ਇਕ ਜਾਂ ਦੋ ਲੋਕ ਗੈਸ ਤੋਂ ਪ੍ਰਭਾਵਿਤ ਹੋਏ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮਨਿੰਦਰ ਸਿੰਘ ਨੇ ਕਿਹਾ ਕਿ ਅਮੋਨੀਆ ਗੈਸ ਲੀਕ ਹੋਈ ਸੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਗੈਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਅਤੇ ਹੁਣ ਸਥਿਤੀ ਠੀਕ ਹੈ।