36 ਘੰਟਿਆਂ ਤੋਂ ਬੰਦ ਬਿਜਲੀ ਸਪਲਾਈ ਤੋਂ ਦੁਖੀ 6 ਪਿੰਡਾਂ ਦੇ ਲੋਕਾਂ ਵਲੋਂ ਕੌਮੀ ਮਾਰਗ 'ਤੇ ਧਰਨਾ

ਪਾਤੜਾਂ , 25 ਅਗਸਤ (ਜਗਦੀਸ਼ ਸਿੰਘ ਕੱਬੋਜ) - ਪਾਤੜਾਂ ਇਲਾਕੇ ਦੇ 6 ਪਿੰਡਾਂ ਨੂੰ ਮਿਲਣ ਵਾਲੀ ਘਰੇਲੂ ਬਿਜਲੀ ਸਪਲਾਈ 2 ਦਿਨ ਤੋਂ ਬੰਦ ਹੈ। ਐਤਵਾਰ ਸਵੇਰ ਤੋਂ ਬੰਦ ਹੋਣ ਕਰਕੇ 6 ਪਿੰਡਾਂ ਵਿਚ ਘੁੱਪ ਹਨੇਰਾ ਛਾਇਆ ਹੋਇਆ ਹੈ। ਸੋਮਵਾਰ ਦੇਰ ਸ਼ਾਮ ਤੱਕ ਬਿਜਲੀ ਸਪਲਾਈ ਬਹਾਲ ਨਾ ਹੋਣ ਤੋਂ ਅੱਕੇ ਲੋਕਾਂ ਵਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ (ਸੰਗਰੂਰ ਰੋਡ) ਕੈਂਚੀਆਂ ਵਿਚ ਟਰੈਫਿਕ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਥਾਣਾ ਮੁਖੀ ਪਾਤੜਾਂ ਇੰਸਪੈਕਟਰ ਬਲਵਿੰਦਰ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਬਿਜਲੀ ਸਪਲਾਈ ਬਹਾਲ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਉੱਤੇ ਅੜੇ ਰਹੇ।
ਇਸ ਦੌਰਾਨ ਨੈਸ਼ਨਲ ਹਾਈਵੇ ਉੱਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਰੋਸ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਘਵੀਰ ਸਿੰਘ ਨਿਆਲ, ਅਮਰੀਕ ਸਿੰਘ, ਯਾਦਵਿੰਦਰ ਸਿੰਘ , ਠੰਡੂ ਰਾਮ , ਅਮਰੀਕ ਸਿੰਘ , ਭੁਪਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਨੇ ਦੱਸਿਆ ਕਿ 220 ਕੇ.ਵੀ. ਗਰਿੱਡ ਪਾਤੜਾਂ ਤੋਂ ਚੱਲਣ ਵਾਲਾ ਯੂ.ਪੀ.ਐਸ. ਡਰੋਲੀ ਫੀਡਰ ਦੀ ਬਿਜਲੀ ਸਪਲਾਈ ਐਤਵਾਰ ਸਵੇਰ ਤੋਂ ਬੰਦ ਪਈ ਹੈ ਪਰ 36 ਘੰਟੇ ਬੀਤ ਜਾਣ ਦੇ ਬਾਵਜੂਦ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਜਾ ਸਕੀ।