ਸੜਕ ਦੁਰਘਟਨਾ 'ਚ ਵੱਡੀ ਗਿਣਤੀ 'ਚ ਬੱਸ ਦੀਆਂ ਸਵਾਰੀਆਂ ਜ਼ਖਮੀ

ਬਰਨਾਲਾ, 25 ਅਗਸਤ (ਨਰਿੰਦਰ ਅਰੋੜਾ)-ਅੱਜ ਸਵੇਰੇ 8 ਵਜੇ ਕਰੀਬ ਟੀ-ਪੁਆਇੰਟ ਨੇੜੇ ਬੱਸ ਦੁਰਘਟਨਾਗ੍ਰਸਤ ਹੋ ਗਈ, ਜਿਸ ਵਿਚ ਬੈਠੀਆਂ ਸਵਾਰੀਆਂ ਵੱਡੀ ਗਿਣਤੀ ਵਿਚ ਜ਼ਖਮੀ ਹੋ ਗਈਆਂ ਅਤੇ ਬੱਸ ਦਾ ਡਰਾਈਵਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਜਾਂ ਆਸ-ਪਾਸ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਜੋ ਕਿ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਪੀ. ਆਰ. ਟੀ.ਸੀ. ਦੀ ਬੱਸ ਜੋ ਕਿ ਸਵੇਰੇ 7 ਵਜੇ ਬਠਿੰਡਾ ਤੋਂ ਸ਼ਿਮਲਾ ਜਾ ਰਹੀ ਸੀ ਜਦੋਂ ਉਹ ਬਰਨਾਲਾ ਦੇ ਟੀ. ਪੁਆਇੰਟ ਨੇੜੇ ਪਹੁੰਚੀ ਤਾਂ ਕਈ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਵਿਚ ਬੱਸ ਅਤੇ ਕਈ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ, ਜਿਸ ਵਿਚ ਵੱਡੀ ਗਿਣਤੀ ਵਿਚ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ 108 ਐਂਬੂਲੈਂਸ ਅਤੇ ਪ੍ਰਾਈਵੇਟ ਐਂਬੂਲੈਂਸ ਦੁਆਰਾ ਬਰਨਾਲਾ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਲਿਜਾਇਆ ਗਿਆ। ਹਸਪਤਾਲ ਬਰਨਾਲਾ ਵਿਖੇ ਡਿਊਟੀ ਡਾਕਟਰ ਮੈਡਮ ਗੁਰਮੇਲ ਕੌਰ ਨੇ ਦੱਸਿਆ ਕਿ ਸਾਡੇ ਕੋਲ ਡਰਾਈਵਰ ਸਮੇਤ 11 ਦੇ ਕਰੀਬ ਜ਼ਖਮੀ ਪਹੁੰਚੇ ਜਿਨ੍ਹਾਂ ਦਾ ਡਾਕਟਰੀ ਟੀਮ ਵਲੋਂ ਇਲਾਜ ਕੀਤਾ ਜਾ ਰਿਹਾ ਹੈ।