ਸਤਲੁਜ ਦਰਿਆ ਦੇ ਤਾਜੋਵਾਲ ਧੁੱਸੀ ਬੰਨ੍ਹ ਦੀ ਹਾਲਤ ਬਣੀ ਤਰਸਯੋਗ, ਲੋਕਾਂ 'ਚ ਰੋਸ

ਨਵਾਂਸ਼ਹਿਰ/ਉਸਮਾਨਪੁਰ, 25 ਅਗਸਤ (ਜਸਬੀਰ ਸਿੰਘ ਨੂਰਪੁਰ/ਸੰਦੀਪ ਮਝੂਰ)-ਪੰਜਾਬ ਅਤੇ ਪਹਾੜੀ ਖੇਤਰ ਵਿਚ ਲਗਾਤਾਰ ਪੈ ਰਹੀ ਵਰਖਾ ਕਾਰਨ ਜਿਥੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਉਥੇ ਸਤਲੁਜ ਦਰਿਆ ਵਿਚ ਵੀ ਬੀਤੇ ਦਿਨਾਂ ਤੋਂ ਪਾਣੀ ਦੇ ਵਧੇ ਪੱਧਰ ਕਾਰਨ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਤਾਜੋਵਾਲ, ਮੰਢਾਲਾ, ਚਕਲੀ ਸੁਜਾਇਤ, ਚੱਕ ਇਲਾਹੀਬਖਸ਼, ਆਲੋਵਾਲ ਆਦਿ ਦੇ ਲੋਕ ਸਹਿਮ ਦੇ ਮਾਹੌਲ ਵਿਚ ਹਨ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਪ੍ਰਸ਼ਾਸਨ ਵਲੋਂ ਸਮੇਂ-ਸਿਰ ਬੰਨ੍ਹ ਦੀ ਸਾਰ ਨਹੀਂ ਲਈ ਗਈ, ਜਿਸ ਕਾਰਨ ਅੱਜ ਬੰਨ੍ਹ ਦੇ ਹਾਲਾਤ ਤਰਸਯੋਗ ਹਨ।
ਬੰਨ੍ਹ ਉਤੇ ਨਹਿਰੀ ਵਿਭਾਗ ਵਲੋਂ ਸਿਰਫ ਇਕ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ। ਇਥੇ ਬਿਜਲੀ ਸਪਲਾਈ ਵੀ ਪਿਛਲੇ ਲੰਬੇ ਸਮੇਂ ਤੋਂ ਬੰਦ ਹੈ, ਜਿਸ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਪਿੰਡ ਤਾਜੋਵਾਲ ਧੁੱਸੀ ਬੰਨ੍ਹ ਉਤੇ ਮੌਜੂਦ ਕੁਝ ਲੋਕਾਂ ਸਤਨਾਮ ਸਿੰਘ ਸਾਬਕਾ ਸਰਪੰਚ, ਜੈ ਪਾਲ, ਗੁਰਨਾਮ ਸਿੰਘ, ਸਤਨਾਮ ਸਿੰਘ, ਹਰਜੀਤ ਕੁਮਾਰ, ਗੁਰਜੀਤ ਸਿੰਘ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਉਕਤ ਬੰਨ੍ਹ ਦੀ ਸਮੇਂ-ਸਿਰ ਸਾਰ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਬੰਨ੍ਹ ਦੇ ਕਿਨਾਰਿਆਂ ਦੀ ਵਿਭਾਗ ਵਲੋਂ ਸਫਾਈ ਨਹੀਂ ਕਰਵਾਈ ਗਈ, ਜਿਸ ਕਾਰਨ ਇਹ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਪਾਣੀ ਨੇ ਕਿੰਨੀ ਢਾਹ ਲਾਈ ਹੈ।
ਇਸ ਤੋਂ ਇਲਾਵਾ ਪਿੰਡ ਮੰਢਾਲਾ ਦੇ ਕੋਲ ਪਏ ਘੱਗਾਂ ਨੂੰ ਵੀ ਨਹੀਂ ਪੂਰਿਆ ਗਿਆ। ਉਨ੍ਹਾਂ ਦੱਸਿਆ ਕਿ ਲਗਾਤਾਰ ਪੈ ਰਹੀ ਵਰਖਾ ਕਾਰਨ ਦਰਿਆ ਵਿਚ ਪਾਣੀ ਦੀ ਆਮਦ ਵਧੀ ਹੈ ਅਤੇ ਪਾਣੀ ਬਿਲਕੁਲ ਕਿਨਾਰਿਆਂ ਨਾਲ ਚੱਲ ਰਿਹਾ ਹੈ ਅਤੇ ਜਦੋਂ ਦਰਿਆ ਵਿਚੋਂ ਪਾਣੀ ਘਟੇਗਾ ਤਾਂ ਇਹ ਕਿਨਾਰਿਆਂ ਨੂੰ ਢਾਹ ਲਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਬੰਨ੍ਹ ਉਤੇ ਨਹਿਰੀ ਵਿਭਾਗ ਵਲੋਂ ਸਿਰਫ ਇਕ ਹੀ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ। ਬੰਨ੍ਹ ਉਤੇ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬੰਨ੍ਹ ਉਤੇ ਅਜੇ ਵੀ ਸੈਂਕੜਿਆਂ ਦੀ ਤਾਦਾਦ ਵਿਚ ਰੇਤ ਦੇ ਥੈਲੇ ਭਰ ਕੇ ਰੱਖੇ ਹੋਏ ਹਨ ਜਿਨ੍ਹਾਂ ਨੂੰ ਪਹਿਲਾਂ ਮਜ਼ਬੂਤ ਕਰਨ ਲਈ ਵਰਤੋਂ ਵਿਚ ਲਿਆਂਦਾ ਜਾਣਾ ਚਾਹੀਦਾ ਸੀ। ਉਕਤ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਨ੍ਹ ਉਤੇ ਬਿਜਲੀ ਦੀ ਸਪਲਾਈ ਸ਼ੁਰੂ ਕਰਵਾਈ ਜਾਵੇ ਅਤੇ ਰਾਤ ਦੇ ਸਮੇਂ ਇਥੇ ਹੋਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ।