ਬਿਆਸ ਦਰਿਆ 'ਚ ਪਾਣੀ ਵਧਣ ਨਾਲ ਪਿੰਡ ਕੰਮੇਵਾਲ ਦੇ ਸਾਹਮਣੇ ਐਡਵਾਂਸ ਬੰਨ੍ਹ 'ਚ ਸੇਮ ਪੈਣੀ ਸ਼ੁਰੂ

ਕਪੂਰਥਲਾ, 25 ਅਗਸਤ (ਅਮਰਜੀਤ ਕੋਮਲ)-ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਪੂਰਥਲਾ ਸਬ-ਡਵੀਜ਼ਨ ਦੇ ਮੰਡ ਖੇਤਰ ਵਿਚ ਪੈਂਦੇ ਪਿੰਡ ਕੰਮੇਵਾਲ ਦੇ ਸਾਹਮਣੇ ਐਡਵਾਂਸ ਧੁੱਸੀ ਬੰਨ੍ਹ ਵਿਚ ਸੇਮ ਪੈਣੀ ਸ਼ੁਰੂ ਹੋ ਗਈ ਹੈ ਤੇ ਬੰਨ੍ਹ ਵਿਚ ਦੀ ਨਿਕਲ ਰਿਹਾ ਪਾਣੀ ਪਿੰਡ ਪੀਰੇਵਾਲ ਦੇ ਖੇਤਾਂ ਵਿਚ ਭਰ ਰਿਹਾ ਹੈ। ਮੌਕੇ 'ਤੇ ਮਿਲੇ ਪਿੰਡ ਕੰਮੇਵਾਲ ਤੇ ਪੀਰੇਵਾਲ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਡਰੇਨਜ ਵਿਭਾਗ ਵਲੋਂ ਐਡਵਾਂਸ ਬੰਨ੍ਹ ਦੇ ਅੰਦਰਲੇ ਪਾਸੇ ਮਿੱਟੀ ਦੀਆਂ ਭਰੀਆਂ ਬੋਰੀਆਂ ਲਗਾਈਆਂ ਗਈਆਂ ਸਨ ਪਰ ਸੇਮ ਨੂੰ ਕੋਈ ਰੋਕ ਨਹੀਂ ਲੱਗੀ।
ਅੱਜ ਸਵੇਰ ਤੋਂ ਪੈ ਰਹੀ ਬਾਰਿਸ਼ ਕਾਰਨ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਠੱਪ ਰਿਹਾ। ਲੋਕਾਂ ਨੇ ਕਿਹਾ ਕਿ ਜੇਕਰ ਸੇਮ ਪੈਣ ਦੀ ਪ੍ਰਕਿਰਿਆ ਇਸੇ ਤਰ੍ਹਾਂ ਜਾਰੀ ਰਹੀ ਤਾਂ ਐਡਵਾਂਸ ਬੰਨ੍ਹ ਟੁੱਟਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਨਾਲ ਦਰਿਆ ਬਿਆਸ ਦੇ ਪਹਿਲਾਂ ਲੱਗੇ ਧੁੱਸੀ ਬੰਨ੍ਹ ਦੇ ਅੰਦਰਲੇ ਖੇਤਰ ਪੀਰੇਵਾਲ, ਕਿਸ਼ਨ ਸਿੰਘ ਵਾਲਾ ਤੇ ਹੋਰ ਪਿੰਡ ਪਾਣੀ ਦੀ ਲਪੇਟ ਵਿਚ ਆ ਸਕਦੇ ਹਨ। ਪਿੰਡ ਬਾਘੂਵਾਲ ਤੇ ਪਿੰਡ ਕੰਮੇਵਾਲ ਦੇ ਪਿਛਲੇ 15 ਦਿਨਾਂ ਤੋਂ ਐਡਵਾਂਸ ਧੁੱਸੀ ਬੰਨ੍ਹ 'ਤੇ ਬੈਠੇ ਲੋਕਾਂ ਨੇ ਦੱਸਿਆ ਕਿ ਅੱਜ ਤਹਿਸੀਲਦਾਰ ਕਪੂਰਥਲਾ ਨੇ ਇਸ ਖੇਤਰ ਦਾ ਦੌਰਾ ਕੀਤਾ ਸੀ ਤੇ ਉਨ੍ਹਾਂ ਲੋਕਾਂ ਨੂੰ ਮੰਡ ਖੇਤਰ ਵਿਚ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੇਵਲ ਪਸ਼ੂਆਂ ਨੂੰ ਦਵਾਈਆਂ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਦਕਿ ਪਸ਼ੂਆਂ ਦੇ ਚਾਰੇ ਤੇ ਬੰਨ੍ਹ 'ਤੇ ਬੈਠੇ ਲੋਕਾਂ ਨੂੰ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਦੇ ਸੇਵਾਦਾਰਾਂ ਵਲੋਂ ਕੀਤਾ ਜਾ ਰਿਹਾ ਹੈ।
ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰਾਹਤ ਤਾਂ ਕਿ ਦੇਣੀ ਤਰਪਾਲਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਉਹ ਪਾਟੀਆਂ ਤਰਪਾਲਾਂ ਦੇ ਤੰਬੂ ਬਣਾ ਕੇ ਬੰਨ੍ਹ 'ਤੇ ਰਹਿ ਰਹੇ ਹਨ। ਇਸੇ ਤਰ੍ਹਾਂ ਪਿੰਡ ਪੀਰੇਵਾਲ ਦੇ ਸਾਹਮਣੇ ਐਡਵਾਂਸ ਧੁੱਸੀ ਬੰਨ੍ਹ ਦੀ ਨਵੀਂ ਥਾਂ 'ਤੇ ਵੀ ਵਿਭਾਗ ਵਲੋਂ ਮਿੱਟੀ ਦੇ ਭਰੇ ਬੋਰੇ ਲਗਾਏ ਜਾ ਰਹੇ ਹਨ ਤਾਂ ਜੋ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧਣ ਦੀ ਸੂਰਤ ਵਿਚ ਐਡਵਾਂਸ ਬੰਨ੍ਹ ਨੂੰ ਸੁਰੱਖਿਆ ਰੱਖਿਆ ਜਾ ਸਕੇ। ਲੋਕਾਂ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਵਲੋਂ ਬੰਨ੍ਹ 'ਤੇ ਬੈਠੇ ਪਰਿਵਾਰਾਂ ਦੇ ਪਸ਼ੂਆਂ ਲਈ ਚਾਰਾ ਦਿੱਤਾ ਜਾ ਰਿਹਾ ਹੈ, ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਹੜ੍ਹ ਪ੍ਰਭਾਵਿਤ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।