ਹੜ ਆਉਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ


ਭੰਗਾਲਾ, (ਹੁਸ਼ਿਆਰਪੁਰ), 25 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਬੀਤੀ ਰਾਤ ਪੌਂਗ ਡੈਮ ਤਲਵਾੜਾ ਅਤੇ ਚੱਕੀ ਪੁਲ ਪਠਾਨਕੋਟ ਤੋਂ ਆਏ ਪਾਣੀ ਕਾਰਨ ਉਪ-ਮੰਡਲ ਮੁਕੇਰੀਆਂ ਅਧੀਨ ਆਉਂਦੇ ਬਿਆਸ ਦਰਿਆ ਦੇ ਕੰਢੇ ਵਸੇ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਪਾਣੀ ਆਉਣ ਕਾਰਨ ਜਿਥੇ ਲੋਕਾਂ ਦੀਆਂ ਫ਼ਸਲਾਂ ਖਰਾਬ ਹੋਈਆਂ ਹਨ, ਉੱਥੇ ਹੀ ਲੋਕਾਂ ਦੇ ਘਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਮਨਜਿੰਦਰ ਸਿੰਘ ਮਹਿਤਾਬਪੁਰ, ਮਹਿਲ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਹਰਪਾਲ ਸਿੰਘ, ਅਮਨ, ਨੰਬਰਦਾਰ ਬਹਾਦਰ ਸਿੰਘ ਆਦਿ ਨੇ ਦੱਸਿਆ ਕਿ ਪੌਂਗ ਡੈਮ ਤਲਵਾੜਾ ਅਤੇ ਚੱਕੀ ਪੁਲ ਪਠਾਨਕੋਟ ਤੋਂ ਆਏ ਪਾਣੀ ਕਾਰਨ ਪਿੰਡ ਮਹਿਤਾਬਪੁਰ ਤੇ ਕੋਲੀਆਂ 418 ਦੇ ਧੰਸੀ ਬੰਨ੍ਹ ਟੁੱਟਣ ਕਾਰਨ ਪਿੰਡ ਮਹਿਤਾਬਪੁਰ ਵਿਚ ਘਰਾਂ ਵਿਚ ਪਾਣੀ ਹੋਣ ਕਾਰਨ ਘਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਉਹਨਾਂ ਨੇ ਦੱਸਿਆ ਕਿ ਇਸ ਪਾਣੀ ਦੇ ਵਹਾਅ ਵਿਚ ਘਰਾਂ ਦੀਆਂ ਕੰਧਾਂ ਅਤੇ ਸਰਕਾਰੀ ਸਕੂਲ ਮਹਿਤਾਬਪੁਰ ਦੀ ਕੰਧ ਵੀ ਟੁੱਟ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰੀ ਬਾਰਿਸ਼ ਹੋਣ ਕਾਰਨ ਪਾਣੀ ਦਾ ਵਹਾਅ ਫਿਰ ਤੇਜ਼ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਾਡੇ ਦਰਿਆਵਾਂ ਦੇ ਨਾਲ ਲੱਗਦੀਆਂ ਧੁਸੀਆਂ, ਜੋ ਕਿ ਪੱਕੇ ਤੌਰ ’ਤੇ ਬਣਾਈਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਫਿਰ ਤੋਂ ਕੋਈ ਵੱਡਾ ਨੁਕਸਾਨ ਨਾ ਹੋ ਸਕੇ।