ਤੇਜ਼ ਬਰਸਾਤ ਕਾਰਨ ਸ਼ਹਿਰ ਵਿਚ ਬਣੀ ਲਾਕਡਾਊਨ ਵਰਗੀ ਸਥਿਤੀ, ਸਬਜ਼ੀਆਂ ਦੀ ਫ਼ਸਲ ’ਤੇ ਵੱਡਾ ਅਸਰ


ਲਹਿਰਾਗਾਗਾ,ਤਪਾ (ਸੰਗਰੂਰ/ਬਰਨਾਲਾ), 25 ਅਗਸਤ (ਅਸ਼ੋਕ ਗਰਗ/ਵਿਜੇ ਸ਼ਰਮਾ)- ਭਾਦੋਂ ਮਹੀਨੇ ਦੀ ਪਹਿਲੀ ਬਰਸਾਤ ਨੇ ਸਥਾਨਕ ਸ਼ਹਿਰ ਨੂੰ ਜਲ ਥਲ ਕਰਕੇ ਰੱਖ ਦਿੱਤਾ ਹੈ। ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਤੇਜ਼ ਬਰਸਾਤ ਕਾਰਨ ਲਹਿਰਾਗਾਗਾ ਦਾ ਅੰਡਰ ਪਾਸ ਪੁਲ ਪਾਣੀ ਨਾਲ ਨੱਕੋ ਨੱਕ ਭਰ ਗਿਆ ਹੈ। ਤੇਜ਼ ਬਰਸਾਤ ਕਾਰਨ ਜਿਥੇ ਇਲਾਕੇ ਦੇ ਵਿੱਦਿਅਕ ਅਦਾਰੇ ਮੁਕੰਮਲ ਤੌਰ 'ਤੇ ਬੰਦ ਰਹੇ ,ਉੱਥੇ ਹੀ ਸ਼ਹਿਰ ਵਿਚ ਲਾਕਡਾਊਨ ਵਰਗੀ ਸਥਿਤੀ ਪੈਦਾ ਹੋਈ ਹੈ। ਲੋਕਾਂ ਨੇ ਬਹੁਤਾ ਸਮਾਂ ਅੱਜ ਆਪਣੇ ਘਰਾਂ ਵਿਚ ਬੈਠ ਕੇ ਹੀ ਗੁਜ਼ਾਰਿਆ।
ਇਸ ਤਰ੍ਹਾਂ ਹੀ ਤਪਾ ਖੇਤਰ ਅੰਦਰ ਹੋ ਰਹੀ ਕਈ ਘੰਟਿਆਂ ਤੋਂ ਤੇਜ਼ ਬਰਸਾਤ ਕਰਕੇ ਚਾਰ ਚੁਫ਼ੇਰੇ ਜਲ ਥਲ ਹੋ ਗਿਆ ਹੈ ਅਤੇ ਮੀਹ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਇਸ ਸੰਬੰਧੀ ਕਿਸਾਨ ਜਗਸੀਰ ਸਿੰਘ ਭੁੱਲਰ, ਜਗਤਾਰ ਸਿੰਘ ਬਾਸੀ, ਬਲਤੇਜ ਸਿੰਘ ਬੋਘਾ ਅਤੇ ਸੁਖਪਾਲ ਸਿੰਘ ਸਮਰਾ ਨੇ ਕਿਹਾ ਕਈ ਘੰਟਿਆਂ ਤੋਂ ਲਗਾਤਾਰ ਪੈ ਰਹੀ ਤੇਜ਼ ਬਰਸਾਤ ਕਾਰਨ ਇਥੇ ਹੜ੍ਹਾਂ ਵਾਲੀ ਸਥਿਤੀ ਨਾ ਆ ਜਾਵੇ। ਉਨ੍ਹਾਂ ਕਿਹਾ ਕਿ ਤੇਜ਼ ਮੀਂਹ ਕਾਰਨ ਸਬਜ਼ੀਆਂ ਦੀ ਫਸਲ ਦਾ ਵੱਡਾ ਨੁਕਸਾਨ ਹੋ ਜਾਵੇਗਾ, ਜਿਸ ਕਰਕੇ ਸਬਜ਼ੀਆਂ ਦੇ ਭਾਅ ਵਿਚ ਹੋਰ ਵਾਧਾ ਹੋ ਜਾਵੇਗਾ।