ਐਡਵੋਕੇਟ ਧਾਮੀ ਵਲੋਂ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 25 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਨੇ ਜਿਥੇ ਪ੍ਰੰਪਰਿਕ ਢੰਗ ਨਾਲ ਦੇਸ਼ ਵਿਦੇਸ਼ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉਥੇ ਹੀ ਉਨ੍ਹਾਂ ਵਲੋਂ ਗੁਰਬਾਣੀ ਨੂੰ ਡਿਜ਼ੀਟਲ ਮਾਧਿਅਮ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਲਈ ਤਿਆਰ ਕੀਤਾ ਈਸ਼ਰ ਮਾਈਕਰੋ ਮੀਡੀਆ ਕੌਮ ਲਈ ਵੱਡੀ ਦੇਣ ਹੈ। ਉਨ੍ਹਾਂ ਦੇ ਇਸ ਉਪਰਾਲੇ ਦਾ ਕੇਵਲ ਗੁਰਬਾਣੀ ਅਤੇ ਇਤਿਹਾਸ ਦੇ ਖੋਜੀ ਹੀ ਲਾਹਾ ਨਹੀਂ ਲੈ ਰਹੇ, ਸਗੋਂ ਆਮ ਸਿੱਖ ਸੰਗਤਾਂ ਵੀ ਇਸ ਦੀ ਵਰਤੋਂ ਕਰਕੇ ਗੁਰਬਾਣੀ ਅਤੇ ਗੁਰਮਤਿ ਨਾਲ ਜੁੜ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਅੱਜ ਦੇ ਇੰਟਰਨੈੱਟ ਦੇ ਯੁੱਗ ਅੰਦਰ ਉਨ੍ਹਾਂ ਦੀ ਇਸ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਐਡਵੋਕੇਟ ਧਾਮੀ ਨੇ ਬਾਬਾ ਬਲਜਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਸਨੇਹੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਰਤਾ ਪੁਰਖ਼ ਅੱਗੇ ਵਿਛੜੀ ਰੂਹ ਨਮਿਤ ਅਰਦਾਸ ਕੀਤੀ।