ਅੱਜ ਤੋਂ ਦੋ ਦਿਨਾਂ ਦੌਰੇ ’ਤੇ ਗੁਜਰਾਤ ਜਾਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ। ਪ੍ਰਧਾਨ ਮੰਤਰੀ ਮੋਦੀ 25 ਅਗਸਤ ਯਾਨੀ ਅੱਜ ਸ਼ਾਮ 4.30 ਵਜੇ ਅਹਿਮਦਾਬਾਦ ਪਹੁੰਚਣਗੇ। ਇਸ ਤੋਂ ਬਾਅਦ, ਉਹ ਨਰੋਦਾ ਤੋਂ ਨਿਕੋਲ ਖੇਤਰ ਤੱਕ ਲਗਭਗ 3 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ। ਇਸ ਦੌਰਾਨ, ਸੜਕ ਦੇ ਦੋਵੇਂ ਪਾਸੇ ਮੌਜੂਦ ਹਜ਼ਾਰਾਂ ਲੋਕ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ।
ਰੋਡ ਸ਼ੋਅ ਲਈ ਸੜਕ ਦੇ ਦੋਵੇਂ ਪਾਸੇ 12 ਸਟੇਜ ਬਣਾਏ ਗਏ ਹਨ। ਸਟੇਜਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਨਿਕੋਲ ਖੇਤਰ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਮੀਟਿੰਗ ਲਈ ਪੂਰੇ ਨਿਕੋਲ ਖੇਤਰ ਨੂੰ ਰੌਸ਼ਨੀ ਨਾਲ ਸਜਾਇਆ ਗਿਆ ਹੈ।
ਇਸ ਮੌਕੇ ਪ੍ਰਧਾਨ ਮੰਤਰੀ 5477 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨਗੇ।
ਪ੍ਰਧਾਨ ਮੰਤਰੀ ਸ਼ਾਮ 5 ਵਜੇ ਦੇ ਕਰੀਬ ਖੋਡਲਧਾਮ ਮੈਦਾਨ ’ਤੇ ਰੇਲਵੇ, ਸ਼ਹਿਰੀ ਵਿਕਾਸ, ਸੜਕ ਨਿਰਮਾਣ ਅਤੇ ਅਹਿਮਦਾਬਾਦ, ਮਹਿਸਾਣਾ ਅਤੇ ਗਾਂਧੀਨਗਰ ਦੇ ਮਾਲੀਆ ਸਮੇਤ ਵਿਭਾਗਾਂ ਦੇ 5477 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਉਹ ਸਾਬਰਮਤੀ ਤੋਂ ਕਟੋਸਨ ਰੋਡ ਟ੍ਰੇਨ ਅਤੇ ਕਾਰ ਲੋਡ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ ਉਹ ਖੋਡਲਧਾਮ ਮੈਦਾਨ ਵਿਚ ਲਗਭਗ 1 ਲੱਖ ਲੋਕਾਂ ਨੂੰ ਸੰਬੋਧਨ ਕਰਨਗੇ।