ਪੰਜਾਬ ਵਿਚ ਸਿਹਤ ਸੇਵਾਵਾਂ ਅਲਰਟ 'ਤੇ, 24 ਘੰਟੇ ਆਨ ਕਾਲ ਰਹਿਣਗੇ ਡਾਕਟਰ - ਸਿਹਤ ਮੰਤਰੀ ਡਾ. ਬਲਬੀਰ ਸਿੰਘ
ਚੰਡੀਗੜ੍ਹ, 7 ਮਈ-ਪਾਕਿਸਤਾਨ 'ਤੇ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪੰਜਾਬ ਵਿਚ ਸਿਹਤ ਸੇਵਾਵਾਂ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਆਪਣੇ ਫ਼ੋਨ 24 ਘੰਟੇ ਚਾਲੂ ਰੱਖਣ ਲਈ ਕਿਹਾ ਹੈ। ਵਿਭਾਗ ਕਿਸੇ ਵੀ ਸਮੇਂ ਫ਼ੋਨ ਕਰਕੇ ਕੋਈ ਵੀ ਡਿਊਟੀ ਸੌਂਪ ਸਕਦਾ ਹੈ। ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿਵਲ ਹਸਪਤਾਲ ਦੀ ਅਚਨਚੇਤ ਜਾਂਚ ਲਈ ਖੰਨਾ ਆਏ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਕਾਰ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ। ਨਾਲ ਹੀ, ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਫਵਾਹ ਵੱਲ ਧਿਆਨ ਨਾ ਦੇਣ। ਪੰਜਾਬ ਵਿਚ ਸਿਹਤ ਸੇਵਾਵਾਂ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਹਨ। ਮੰਤਰੀ ਨੇ ਕਿਹਾ ਕਿ ਅੱਜ ਉਹ ਨਿਯਮਿਤ ਜਾਂਚ ਲਈ ਖੰਨਾ ਆਏ ਸਨ। ਡਾਕਟਰ ਡਿਊਟੀ 'ਤੇ ਸੀ। ਐਸ.ਐਮ.ਓ. ਡਾ. ਮਨਿੰਦਰ ਭਸੀਨ ਆਪ੍ਰੇਸ਼ਨ ਥੀਏਟਰ ਵਿਚ ਸਨ। ਉਨ੍ਹਾਂ ਨੂੰ ਫ਼ੋਨ 'ਤੇ ਗੱਲ ਕਰਕੇ ਸੁਚੇਤ ਰਹਿਣ ਲਈ ਕਿਹਾ ਗਿਆ।