ਪੰਜਾਬ ਦਾ ਨੌਜਵਾਨ ਰੁਜ਼ਗਾਰ ਮੰਗਣ ਵਾਲਾ ਨਹੀਂ ਸਗੋਂ ਬਣੇਗਾ ਦੇਣ ਵਾਲਾ- ਮੁੱਖ ਮੰਤਰੀ ਮਾਨ
ਚੰਡੀਗੜ੍ਹ, 19 ਦਸੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਨੌਜਵਾਨ ਰੁਜ਼ਗਾਰ ਮੰਗਣ ਵਾਲੇ ਨਹੀਂ ਸਗੋਂ ਰੁਜ਼ਗਾਰ ਦੇਣ ਵਾਲੇ ਬਣਨ ਮੇਰੀ ਇਹੋ ਹੀ ਇੱਛਾ ਹੈ। ਇਹ ਗੱਲ ਅੱਜ ਚੰਡੀਗੜ੍ਹ ਦੇ ਸੈਕਟਰ 26 ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਂਝੀ ਕੀਤੀ ਗਈ। ਭਗਵੰਤ ਮਾਨ ਇਥੇ ਅੱਜ ਮਿੰਨੀ ਬੱਸ ਪਰਮਿਟ ਸਮਾਰੋਹ ਦੌਰਾਨ ਪੁੱਜੇ ਸਨ। ਇਸ ਮੌਕੇ ’ਤੇ ਉਨ੍ਹਾਂ ਨੇ ਪੰਜਾਬ ਦੀਆਂ ਵੱਖ ਵੱਖ ਥਾਂਵਾ ਤੋਂ ਆਏ ਲੋਕਾਂ ਨੂੰ ਬੱਸ ਪਰਮਿਟ ਵੰਡਣ ਦੀ ਰਸਮ ਵੀ ਅਦਾ ਕੀਤੀ। ਇਸ ਮੌਕੇ ’ਤੇ ਭਗਵੰਤ ਮਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਮਾਰਚ 2022 ਤੋਂ ਲੈ ਕੇ ਹੁਣ ਤੱਕ 1165 ਬੱਸ ਪਰਮਿਟ
ਵੰਡੇ ਜਾ ਚੁੱਕੇ ਸਨ ਤੇ ਅੱਜ 505 ਹੋਰ ਲੋਕਾਂ ਨੂੰ ਬੱਸ ਪਰਮਿਟ ਦਿੱਤੇ ਗਏ ਹਨ।
ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਜ਼ਰਬਿਆਂ ਨੇ ਹੀ ਮਾਰਿਆ ਹੈ। ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਬੱਸਾਂ ਦੇ ਪਰਮਿਟ ਲਈ ਤਜ਼ਰਬੇ ਅਤੇ ਪੂੰਜੀ ਦੇਖੀ ਜਾਂਦੀ ਸੀ ਪਰ ਹੁਣ ਉਨ੍ਹਾਂ ਨੇ ਕੈਬਨਿਟ ਵਿਚ ਇਨ੍ਹਾਂ ਸ਼ਰਤਾਂ ਨੂੰ ਖਤਮ ਕਰਕੇ ਸਾਰਿਆਂ ਨੂੰ ਅਪਲਾਈ ਕਰਨ ਦਾ ਮੌਕਾ ਦੇ ਦਿੱਤਾ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਸਾਬਕਾ ਖਜ਼ਾਨਾ ਮੰਤਰੀ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਉਹ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟਦੇ ਰਹੇ, ਜਿਸ ਤੋਂ ਡਰਦੇ ਲੋਕ ਵਿਦੇਸ਼ਾਂ ਨੂੰ ਵੀ ਭੱਜਣ ਲੱਗੇ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵਲੋਂ 58000 ਨੌਕਰੀਆਂ ਪ੍ਰਦਾਨ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਕਿੱਤੇ ਲਾਇਆ ਹੈ। ਮਿੰਨੀ ਬੱਸ ਆਪ੍ਰੇਟਰਾਂ ਪ੍ਰਤੀ ਸਹੂਲਤਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਜਾਬ ਸਰਕਾਰ ਵਲੋਂ 19000 ਕਿਲੋਮੀਟਰ ਦੀਆਂ ਵਧੀਆ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਸ ਦਾ ਟ੍ਰਾਂਸਪੋਰਟਾਂ ਨੂੰ ਫਾਇਦਾ ਹੋਵੇਗਾ, ਕਿਉਂਕਿ ਬੱਸਾਂ ਦੀ ਰਿਪੇਅਰ ਆਦਿ ਘੱਟ ਆਵੇਗੀ। ਪੰਜਾਬ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ’ਤੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕਈ ਥਾਂਈਂ ਇਕ ਤਿੰਨ, ਪੰਜ, 10, 11, 20, 25 ਵੋਟਾਂ ਦੇ ਫਰਕ ਨਾਲ ਵੀ ਜਿੱਤੇ ਹਨ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਵੋਟਾਂ ਪ੍ਰਤੀ ਜੋ ਵਿਰੋਧੀਆਂ ਵਲੋਂ ਰੌਲਾ ਪਾਇਆ ਜਾ ਰਿਹਾ ਹੈ, ਉਹ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ ਹੈ। ਇਸ ਮੌਕੇ ’ਤੇ ਮਿਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਉਹ ਅੱਜ ਦੇ ਇਸ ਸਮਾਰੋਹ ਵਿਚ ਮੁੱਖ ਮੰਤਰੀ ਦੀ ਉਸਾਰੂ ਸੋਚ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
;
;
;
;
;
;
;
;
;