ਪਿਸਤੌਲ ਦੀ ਨੋਕ 'ਤੇ ਕੁੱਕੜਾਂਵਾਲਾ ਵਿਖੇ ਦੁਕਾਨਦਾਰ ਨੂੰ ਲੁੱਟਿਆ

ਹਰਸਾ ਛੀਨਾ, 23 ਅਗਸਤ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਂਦੇ ਅੱਡਾ ਕੁੱਕੜਾਂਵਾਲਾ ਵਿਖੇ ਅੱਜ ਦਿਨ-ਦਿਹਾੜੇ ਇਕ ਅਣਪਛਾਤੇ ਨੌਜਵਾਨ ਵਲੋਂ ਪਿਸਤੌਲ ਦੀ ਨੋਕ ਉਤੇ ਕੱਪੜਾ ਵਪਾਰੀ ਦੀ ਦੁਕਾਨ ਤੋਂ ਕਰੀਬ 6 ਹਜ਼ਾਰ ਰੁਪਏ ਲੁੱਟਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਅੱਡਾ ਕੁੱਕੜਾਂਵਾਲਾ ਦੇ ਮੁੱਖ ਚੌਕ ਵਿਚ ਪੈਂਦੇ ਖੁਰਾਣਾ ਗਾਰਮੈਂਟ ਦੇ ਮਾਲਿਕ ਅਮਿਤ ਖੁਰਾਣਾ ਪੁੱਤਰ ਸ਼ਾਮ ਲਾਲ ਖਰਾਣਾ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਉਹ ਆਪਣੀ ਦੁਕਾਨ ਉਤੇ ਬੈਠਾ ਸੀ ਕਿ ਉਸ ਸਮੇਂ ਇਕ ਨੌਜਵਾਨ ਜਿਸ ਨੇ ਆਪਣਾ ਮੂੰਹ ਕਿਸੇ ਕੱਪੜੇ ਨਾਲ ਢੱਕਿਆ ਸੀ, ਦੁਕਾਨ ਵਿਖੇ ਦਾਖਲ ਹੋਇਆ ਅਤੇ ਪਿਸਤੌਲ ਦੀ ਨੋਕ ਉਤੇ ਦੁਕਾਨ ਵਿਚ ਪਏ ਕਰੀਬ 6000 ਤੋਂ ਵੱਧ ਰੁਪਏ ਲੁੱਟ ਕੇ ਫਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਨੂੰ ਇਤਲਾਹ ਦੇ ਦਿੱਤੀ ਗਈ ਹੈ। ਅੱਡਾ ਕੁੱਕੜਾਂਵਾਲਾ ਵਿਖੇ ਸਿਖਰ ਦੁਪਹਿਰ ਵਾਪਰੀ ਇਸ ਘਟਨਾ ਕਾਰਨ ਅੱਡੇ ਦੇ ਸਮੂਹ ਦੁਕਾਨਦਾਰਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਲੁੱਟ ਦੀ ਘਟਨਾ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ।