ਸਮਾਣਾ-ਪਟਿਆਲਾ ਸੜਕ ਦੇ ਹਾਦਸੇ ਦੇ ਦੋਸ਼ੀਆਂ ਨੂੰ ਫੜਨ ਲਈ ਸਮਾਣਾ ਬੰਦ

ਸਮਾਣਾ (ਪਟਿਆਲਾ), 30 ਮਈ (ਸਾਹਿਬ ਸਿੰਘ)- ਇਸ ਮਹੀਨੇ ਦੇ ਦੂਜੇ ਹਫ਼ਤੇ ਸਮਾਣਾ -ਪਟਿਆਲਾ ਸੜਕ ’ਤੇ ਸਕੂਲ ਵੈਨ ਅਤੇ ਟਿੱਪਰ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ 7 ਸਕੂਲੀ ਬੱਚਿਆਂ ਅਤੇ ਵੈਨ ਦੇ ਡਰਾਇਵਰ ਦੀ ਮੌਤ ਹੋ ਗਈ ਸੀ ਅਤੇ 7 ਬੱਚੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿਚ ਪੁਲਿਸ ਨੇ ਟਿੱਪਰ ਦੇ ਡਰਾਇਵਰ ਅਤੇ ਇਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ ਪਰ ਪੀੜਤ ਪਰਿਵਾਰਾਂ ਦੀ ਤੱਸਲੀ ਨਹੀਂ ਹੋਈ। ਟਿੱਪਰ ਦੇ ਮਾਲਕ ਅਤੇ ਮੁਕੱਦਮੇ ਵਿਚ ਨਾਮਜ਼ਦ ਰਣਧੀਰ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਮਾਣਾ ਬੰਦ ਹੈ। ਪਰਿਵਾਰਾਂ ਨੇ ਸਮਾਣਾ ਪਟਿਆਲਾ ਸੜਕ ਜਾਮ ਕਰ ਦਿੱਤੀ ਹੈ ਅਤੇ ਸੜਕ ’ਤੇ ਅਣ-ਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਇਸ ਧਰਨੇ ਵਿਚ ਸਾਬਕਾ ਵਿਧਾਇਕ ਰਜਿੰਦਰ ਸਿੰਘ, ਸਾਬਕਾ ਚੇਅਰਮੈਨ ਪਰਦਮਨ ਸਿੰਘ ਵਿਰਕ ਅਤੇ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜੀਵਨ ਗਰਗ, ਨਗਰ ਕੌਂਸਲ ਦੇ ਮੈਂਬਰ ਆਦਿ ਧਰਨੇ ਵਿਚ ਬੈਠੇ ਹੋਏ ਹਨ।