JALANDHAR WEATHER

ਵਿਧਾਇਕ ਰਮਨ ਅਰੋੜਾ ਦੇ ਕਰੀਬੀ ਸਾਥੀ ਨੂੰ ਕੀਤਾ ਗਿਆ ਗ੍ਰਿਫ਼ਤਾਰ

ਜਲੰਧਰ, 30 ਮਈ- ਪੰਜਾਬ ਦੇ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੇ ਕਰੀਬੀ ਮਹੇਸ਼ ਮਖੀਜਾ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਨੇ ਵਿਧਾਇਕ ਦੇ ਕਰੀਬੀ ਸਾਥੀ ਨੂੰ ਜਲੰਧਰ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਅਧਿਕਾਰੀਆਂ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਜਲਦੀ ਹੀ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਵਿਜੀਲੈਂਸ ਨੇ ਅਦਾਲਤ ਤੋਂ ਰਮਨ ਅਰੋੜਾ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ। ਉਸੇ ਦਿਨ ਵਿਜੀਲੈਂਸ ਟੀਮ ਨੇ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਿੱਥੇ ਦੇਰ ਰਾਤ ਵਿਜੀਲੈਂਸ ਟੀਮ ਨੇ ਸਿਵਲ ਹਸਪਤਾਲ ਤੋਂ ਵਿਧਾਇਕ ਰਮਨ ਅਰੋੜਾ ਅਤੇ ਇੰਸਪੈਕਟਰ ਹਰਪ੍ਰੀਤ ਕੌਰ ਦਾ ਡਾਕਟਰੀ ਮੁਆਇਨਾ ਕਰਵਾਇਆ। ਦੱਸ ਦੇਈਏ ਕਿ ਅਦਾਲਤ ਵਿਚ ਵਿਜੀਲੈਂਸ ਨੇ ਦੱਸਿਆ ਕਿ ਵਿਧਾਇਕ ਦੀ ਸਮਾਧੀ, ਪੁੱਤਰ ਰਾਜਨ ਅਰੋੜਾ ਅਤੇ ਮਹੇਸ਼ ਮਖੀਜਾ ਦੇ ਨਾਮ ਸਨ। ਸੂਤਰਾਂ ਦਾ ਕਹਿਣਾ ਹੈ ਕਿ ਅੱਜ ਵਿਜੀਲੈਂਸ ਟੀਮ ਨੇ ਮਹੇਸ਼ ਮਖੀਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਵਿਜੀਲੈਂਸ ਨੂੰ ਕਈ ਮਹੱਤਵਪੂਰਨ ਸਬੂਤ ਮਿਲੇ ਹਨ। ਸੂਤਰਾਂ ਅਨੁਸਾਰ ਰਿਮਾਂਡ ਦੌਰਾਨ ਵਿਧਾਇਕ ਰਮਨ ਅਰੋੜਾ ਨੇ ਮੰਨਿਆ ਕਿ ਉਨ੍ਹਾਂ ਦਾ ਪੁੱਤਰ ਨਗਰ ਨਿਗਮ ਦਾ ਕੰਮ ਦੇਖਦਾ ਸੀ ਅਤੇ ਜ਼ਮੀਨ-ਜਾਇਦਾਦ ਦੇ ਨਾਲ-ਨਾਲ ਉਹ ਨਗਰ ਨਿਗਮ ਜਾ ਕੇ ਕੰਮ ਕਰਵਾਉਂਦਾ ਸੀ। ਇਸ ਕਾਰਨ ਵਿਜੀਲੈਂਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਵਿਧਾਇਕ ਨੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਦੋਸਤਾਂ ਦੇ ਨਾਮ ’ਤੇ ਜ਼ਮੀਨ ਵੀ ਖਰੀਦੀ ਹੈ, ਜਿਸ ਦੀ ਕੀਮਤ ਕਰੋੜਾਂ ਵਿਚ ਹੈ। ਵਿਜੀਲੈਂਸ ਨੇ ਮਾਮਲੇ ਦੀ ਜਾਂਚ ਲਈ 7 ਟੀਮਾਂ ਤਾਇਨਾਤ ਕੀਤੀਆਂ ਹਨ। ਵਿਜੀਲੈਂਸ ਟੀਮ 3 ਬੈਗਾਂ ਨੂੰ ਲੱਭਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਬੈਗ ਕਿਵੇਂ ਗਾਇਬ ਕੀਤੇ ਗਏ ਸਨ। ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਰਮਨ ਅਰੋੜਾ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ