ਪ੍ਰਧਾਨ ਮੰਤਰੀ ਵਲੋਂ ਬਿਹਾਰ ’ਚ ਕਰੋੜਾਂ ਦੇ ਪ੍ਰਾਜੈਕਟਾਂ ਦਾ ਉਦਘਾਟਨ

ਪਟਨਾ, 30 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੇ ਬਿਕਰਮਗੰਜ ਪਹੁੰਚੇ ਹਨ। ਉਹ ਇਕ ਖੁੱਲ੍ਹੀ ਗੱਡੀ ਵਿਚ ਸਮਾਗਮ ਵਾਲੀ ਥਾਂ ’ਤੇ ਪਹੁੰਚੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੀ ਗੱਡੀ ਵਿਚ ਸਵਾਰ ਸਨ। ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਦੇਖਦਿਆਂ ਹੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਸਵੀਕਾਰ ਕੀਤਾ। ਜਿਵੇਂ ਹੀ ਮੋਦੀ ਸਟੇਜ ’ਤੇ ਪਹੁੰਚੇ, ਉਨ੍ਹਾਂ ਨੇ ਹੱਥ ਜੋੜ ਕੇ ਲੋਕਾਂ ਨੂੰ ਪ੍ਰਣਾਮ ਕੀਤਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੇਰ ਸ਼ਾਹ ਸੂਰੀ ਦੇ ਰਾਜ ਦੌਰਾਨ ਜਾਰੀ ਕੀਤਾ ਗਿਆ ਚਾਂਦੀ ਦਾ ਸਿੱਕਾ ਯਾਦਗਾਰੀ ਵਜੋਂ ਭੇਟ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਨੂੰ 48 ਹਜ਼ਾਰ 500 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਤੋਹਫ਼ਾ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਆਪਣਾ ਭਾਸ਼ਣ ਭੋਜਪੁਰੀ ਭਾਸ਼ਾ ਵਿਚ ਸ਼ੁਰੂ ਕੀਤਾ। ਉਨ੍ਹਾਂ ਨੇ ਲੋਕਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇਸ ਪਵਿੱਤਰ ਧਰਤੀ ’ਤੇ ਬਿਹਾਰ ਦੇ ਵਿਕਾਸ ਨੂੰ ਹੁਲਾਰਾ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇੱਥੇ ਲਗਭਗ 50 ਹਜ਼ਾਰ ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ ਗਿਆ। ਤੁਹਾਡੇ ਇਸ ਪਿਆਰ ਅਤੇ ਸਨੇਹ ਨੂੰ ਮੈਂ ਬਹੁਤ ਉੱਚਾ ਰੱਖਦਾ ਹਾਂ। ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਮਾਵਾਂ ਅਤੇ ਭੈਣਾਂ ਇੰਨੀ ਵੱਡੀ ਗਿਣਤੀ ਵਿਚ ਆਈਆਂ ਹਨ। ਮੈਂ ਮਾਵਾਂ ਅਤੇ ਭੈਣਾਂ ਨੂੰ ਵਿਸ਼ੇਸ਼ ਸਤਿਕਾਰ ਦਿੰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਬਿਹਾਰ ਦੀ ਧਰਤੀ ਤੋਂ ਵਾਅਦਾ ਕੀਤਾ ਸੀ ਕਿ ਅੱਤਵਾਦ ਦੇ ਮਾਲਕਾਂ ਦੇ ਟਿਕਾਣਿਆਂ ਨੂੰ ਢਾਹ ਦਿੱਤਾ ਜਾਵੇਗਾ। ਮੈਂ ਬਿਹਾਰ ਦੀ ਧਰਤੀ ’ਤੇ ਕਿਹਾ ਸੀ ਕਿ ਉਨ੍ਹਾਂ ਨੂੰ ਕਲਪਨਾ ਤੋਂ ਵੀ ਵੱਧ ਸਜ਼ਾ ਦਿੱਤੀ ਜਾਵੇਗੀ। ਅੱਜ ਜਦੋਂ ਮੈਂ ਬਿਹਾਰ ਆਇਆ ਹਾਂ, ਤਾਂ ਮੈਂ ਆਪਣਾ ਵਾਅਦਾ ਪੂਰਾ ਕਰਕੇ ਆਇਆ ਹਾਂ। ਸਾਡੀ ਫੌਜ ਨੇ ਉਨ੍ਹਾਂ ਲੋਕਾਂ ਦੇ ਘਰਾਂ ਨੂੰ ਖੰਡਰ ਬਣਾ ਦਿੱਤਾ ਹੈ, ਜਿਨ੍ਹਾਂ ਨੇ ਪਾਕਿਸਤਾਨ ਵਿਚ ਬੈਠ ਕੇ ਸਾਡੀਆਂ ਭੈਣਾਂ ਦੇ ਸੰਧੂਰ ਨੂੰ ਤਬਾਹ ਕਰ ਦਿੱਤਾ ਸੀ। ਅੱਤਵਾਦੀਆਂ ਨੇ ਪਾਕਿਸਤਾਨੀ ਫੌਜ ਦੀ ਸੁਰੱਖਿਆ ਹੇਠ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ। ਸਾਡੀ ਫੌਜ ਨੇ ਥੋੜ੍ਹੇ ਸਮੇਂ ਵਿਚ ਉਨ੍ਹਾਂ ਨੂੰ ਗੋਡਿਆਂ ਭਾਰ ਕਰ ਦਿੱਤਾ। ਉਨ੍ਹਾਂ ਦੇ ਬਹੁਤ ਸਾਰੇ ਟਿਕਾਣੇ ਤਬਾਹ ਹੋ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ। ਇਹ ਨਵੇਂ ਭਾਰਤ ਦੀ ਤਾਕਤ ਹੈ।