ਜਲੰਧਰ ਕੈਂਟ ਛਾਉਣੀ ਬੋਰਡ 'ਚ ਹੋਈ ਮੌਕ ਡਰਿੱਲ

ਜਲੰਧਰ, 31 ਮਈ-ਅੱਜ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿਚ ਆਪ੍ਰੇਸ਼ਨ ਸ਼ੀਲਡ ਤਹਿਤ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਸਿਵਲ ਡਿਫੈਂਸ ਵਲੰਟੀਅਰਾਂ ਅਤੇ ਮੈਡੀਕਲ ਟੀਮ ਨੇ ਮੌਕ ਡਰਿੱਲ ਵਿਚ ਹਿੱਸਾ ਲਿਆ। ਜਿਥੇ ਇਕ ਵਾਰ ਫਿਰ ਲੋਕਾਂ ਨੂੰ ਹਮਲੇ ਬਾਰੇ ਸੁਚੇਤ ਕੀਤਾ ਗਿਆ। ਹਾਲਾਂਕਿ ਇਹ ਮੌਕ ਡਰਿੱਲ 29 ਮਈ ਨੂੰ ਕੀਤੀ ਜਾਣੀ ਸੀ ਪਰ ਸਿਵਲ ਡਿਫੈਂਸ ਅਧਿਕਾਰੀਆਂ ਦੀ ਸਿਖਲਾਈ ਕਾਰਨ ਤਰੀਕ ਬਦਲ ਦਿੱਤੀ ਗਈ। ਇਸ ਦੌਰਾਨ ਮੌਕ ਡਰਿੱਲ ਲਈ ਛਾਉਣੀ ਬੋਰਡ ਵਲੋਂ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਸਨ।
ਦਰਅਸਲ, ਇਸ ਅਭਿਆਸ ਦਾ ਉਦੇਸ਼ ਇਹ ਜਾਣਨਾ ਹੈ ਕਿ ਐਮਰਜੈਂਸੀ ਸਥਿਤੀ ਵਿਚ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਅਤੇ ਜ਼ਰੂਰੀ ਸੇਵਾਵਾਂ (ਜਿਵੇਂ ਕਿ ਭੋਜਨ, ਦਵਾਈ, ਇਲਾਜ ਆਦਿ) ਕਿਵੇਂ ਪ੍ਰਦਾਨ ਕਰਨੀਆਂ ਹਨ। ਇਸ ਅਭਿਆਸ ਵਿਚ NDRF, SDRF, BSF, ਫੌਜ ਅਤੇ ਹੋਰ ਮਹੱਤਵਪੂਰਨ ਵਿਭਾਗ ਵੀ ਸ਼ਾਮਿਲ ਸਨ। ਇਹ ਸਾਰੇ ਇਹ ਯਕੀਨੀ ਬਣਾਉਣਗੇ ਕਿ ਐਮਰਜੈਂਸੀ ਦੌਰਾਨ ਅਪਣਾਏ ਗਏ ਸੁਰੱਖਿਆ ਉਪਾਆਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਾਂ ਨਹੀਂ। ਇਸ ਦੇ ਨਾਲ ਹੀ, ਜ਼ਿਲ੍ਹੇ ਵਿਚ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਬਲੈਕਆਊਟ (ਲਾਈਟ ਆਫ) ਅਭਿਆਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ। ਇਸ ਦੌਰਾਨ ਐਮਰਜੈਂਸੀ ਸੇਵਾਵਾਂ (ਜਿਵੇਂ ਕਿ ਹਸਪਤਾਲ, ਪੁਲਿਸ ਆਦਿ) ਨੂੰ ਛੱਡ ਕੇ ਪੂਰੇ ਜ਼ਿਲ੍ਹੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਨਗਰ ਨਿਗਮ ਵਲੋਂ ਸਟਰੀਟ ਲਾਈਟਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।