ਪਾਕਿਸਤਾਨ ਨੂੰ ਹਰ ਹਮਲੇ ਦੀ ਚੁਕਾਉਣੀ ਪਵੇਗੀ ਕੀਮਤ- ਪ੍ਰਧਾਨ ਮੰਤਰੀ

ਬੀਕਾਨੇਰ, 22 ਮਈ- ਅੱਜ ਇਥੇ ਬੋਲਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖ ਕੇ ਦੁਨੀਆ ਹੈਰਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ 7 ਵਫ਼ਦ ਪੂਰੀ ਦੁਨੀਆ ਵਿਚ ਪਾਕਿਸਤਾਨ ਨੂੰ ਪੂਰੀ ਦੁਨੀਆ ਸਾਹਮਣੇ ਪੇਸ਼ ਕਰਨ ਲਈ ਜਾ ਰਹੇ ਹਨ। ਇਸ ਵਿਚ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਸ਼ਾਮਿਲ ਹਨ। ਉਹ ਵਿਦੇਸ਼ ਨੀਤੀ ਦੇ ਮਾਹਰ ਹਨ। ਹੁਣ ਪਾਕਿਸਤਾਨ ਦਾ ਅਸਲੀ ਚਿਹਰਾ ਪੂਰੀ ਦੁਨੀਆ ਨੂੰ ਦਿਖਾਇਆ ਜਾਵੇਗਾ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਨੂੰ ਹਰ ਅੱਤਵਾਦੀ ਹਮਲੇ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਇਹ ਕੀਮਤ ਪਾਕਿਸਤਾਨ ਦੀ ਫੌਜ ਅਤੇ ਪਾਕਿਸਤਾਨ ਦੀ ਆਰਥਿਕਤਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਬੀਕਾਨੇਰ ਦੇ ਨਲ ਏਅਰਬੇਸ ’ਤੇ ਉਤਰਿਆ। ਪਾਕਿਸਤਾਨ ਨੇ ਵੀ ਇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਇਸ ਏਅਰਬੇਸ ਨੂੰ ਥੋੜ੍ਹਾ ਜਿਹਾ ਵੀ ਨੁਕਸਾਨ ਨਹੀਂ ਪਹੁੰਚਾ ਸਕਿਆ। ਇੱਥੋਂ ਕੁਝ ਦੂਰੀ ’ਤੇ ਪਾਕਿਸਤਾਨ ਦਾ ਰਹੀਮਯਾਰ ਖਾਨ ਏਅਰਬੇਸ ਹੈ, ਜੋ ਕਿ ਕਦੋਂ ਖੁੱਲ੍ਹੇਗਾ, ਇਹ ਕੋਈ ਨਹੀਂ ਜਾਣਦਾ। ਉਹ ਆਈ.ਸੀ.ਯੂ. ਵਿਚ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ, ਤਾਂ ਉਹ ਸਿਰਫ਼ ਪੀ.ਓ.ਕੇ. ਅਤੇ ਅੱਤਵਾਦ ’ਤੇ ਹੋਵੇਗੀ। ਜੇਕਰ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਇਕ-ਇਕ ਪੈਸੇ ਦੀ ਕੀਮਤ ਚੁਕਾਉਣੀ ਪਵੇਗੀ। ਪਾਕਿਸਤਾਨ ਨੂੰ ਭਾਰਤ ਦੇ ਪਾਣੀ ਦਾ ਸਹੀ ਹਿੱਸਾ ਨਹੀਂ ਮਿਲੇਗਾ। ਭਾਰਤੀਆਂ ਦੇ ਖੂਨ ਨਾਲ ਖੇਡਣਾ ਪਾਕਿਸਤਾਨ ਨੂੰ ਮਹਿੰਗਾ ਪਵੇਗਾ। ਇਹ ਭਾਰਤ ਦਾ ਇਰਾਦਾ ਹੈ। ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਇਸ ਇਰਾਦੇ ਤੋਂ ਨਹੀਂ ਰੋਕ ਸਕਦੀ।