JALANDHAR WEATHER

22-05-2025

 ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ...

'ਦੇਸ਼ ਵਾਸੀਓ, ਸੌਂ ਜਾਓ ਮੈਂ ਜਾਗਦਾ ਹਾਂ' ਇਹ ਸੁਨੇਹਾ ਨਿੱਤ ਦਿਨ ਫ਼ੌਜੀ ਜਵਾਨ ਭਾਰਤ ਵਾਸੀਆਂ ਨੂੰ ਦਿੰਦਾ ਹੈ ਕਿ ਦੇਸ਼ ਵਾਸੀਓ ਤੁਸੀਂ ਭਾਰਤ ਮਾਤਾ ਦੀ ਗੋਦ ਦਾ ਆਨੰਦ ਮਾਣੋ, ਮੈਂ ਬਾਰਡਰ 'ਤੇ ਜਾਗਦਾ ਹੋਇਆ ਭਾਰਤ ਮਾਤਾ ਦੀ ਰਾਖੀ ਕਰ ਰਿਹਾ ਹਾਂ। ਹਰ ਤਰ੍ਹਾਂ ਦੇ ਜ਼ੋਖਿਮ ਹੰਢਾਅ ਕੇ ਫ਼ੌਜੀ ਜਵਾਨ ਆਪਣੇ ਘਰ ਪਰਿਵਾਰ ਨੂੰ ਨੁੱਕਰੇ ਲਾ ਕੇ ਦੇਸ਼ ਦੀ ਸੇਵਾ ਕਰਦਾ ਹੈ। ਜੰਗ ਦੇ ਐਲਾਨ ਨਾਲ ਹੀ ਫ਼ੌਜੀਆਂ ਦੀਆਂ ਛੁੱਟੀਆਂ ਰੱਦ ਕਰਕੇ ਦੁਬਾਰੇ ਬੁਲਾ ਲਏ ਜਾਂਦੇ ਹਨ। ਇਹ ਵਰਤਾਰਾ ਚਲਦਾ ਰਿਹਾ ਹੈ। ਇਸੇ ਹਾਲਾਤਾਂ ਵਿਚ ਪ੍ਰੋ. ਮੋਹਨ ਸਿੰਘ ਦੀ ਕਵਿਤਾ ਵੀ ਵੀਰ ਰਸ ਘੋਲਦੀ ਹੈ 'ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ..., ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਸਾਡੇ ਦੇਸ਼ 'ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ' ਸਭ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ, 'ਜੈ ਜਵਾਨ ਜੈ ਕਿਸਾਨ' ਸਮੇਂ ਮੁਤਾਬਕ ਇਹ ਨਾਅਰਾ ਢੁਕਵਾਂ ਸੀ। ਸਮੇਂ ਅਨੁਸਾਰ ਹੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਇਸ ਨਾਅਰੇ ਨੂੰ ਅਟੱਲ ਕੀਤਾ 'ਜੈ ਜਵਾਨ ਜੈ ਕਿਸਾਨ ਜੈ ਵਿਗਿਆਨ' ਇਹੀ ਜਵਾਨ ਅਤੇ ਵਿਗਿਆਨ ਅੱਜ ਦੁਸ਼ਮਣ ਨੂੰ ਵੰਗਾਰਦੇ ਹਨ। ਕਿਸਾਨ ਅੰਦਰੋਂ, ਜਵਾਨ ਬਾਹਰੋਂ ਭਾਰਤ ਦੀ ਤਾਕਤ ਹਨ। ਹਰ ਭਾਰਤੀ ਦੈ ਸੈਲਿਊਟ ਹੈ ਭਾਰਤੀ ਫ਼ੌਜ ਨੂੰ। ਫੌਜੀ ਵੀਰੋ ਤੁਸੀਂ ਇਕੱਲੀ ਜਮਾਤ ਹੋ ਜਿਨ੍ਹਾਂ ਦੀ ਸਲਾਮਤੀ ਲਈ ਆਪਣੇ ਬੱਚੇ ਵਾਂਗ ਹਰ ਭਾਰਤੀ ਮਾਂ ਸੁੱਖਾਂ ਸੁੱਖਦੀ ਹੈ। ਸਲਾਮਤ ਰਹੋ। ਸੈਲਿਊਟ ਤੁਹਾਨੂੰ। ਜੈ ਜਵਾਨ ਜੈ ਕਿਸਾਨ।

-ਸੁਖਪਾਲ ਸਿੰਘ ਗਿੱਲ

ਅਬਿਆਣਾ ਕਲਾਂ।

ਮਨੋਵਿਗਿਆਨ ਦਾ ਕਾਰਜ ਖੇਤਰ

ਸਿੱਖਿਆ ਜਗਤ ਵਿਚ ਪੜ੍ਹਿਆ ਜਾਂਦਾ ਮਨੋਵਿਗਿਆਨ ਵਿਸ਼ਾ ਬਹੁਤ ਹੀ ਫਾਇਦੇਮੰਦ ਹੈ। ਇਸ ਵਿਸ਼ੇ ਵਿਚ ਜ਼ਿੰਦਗੀ ਦੇ ਹਰੇਕ ਪੱਖ ਦਾ ਗਿਆਨ ਕਰਵਾਇਆ ਜਾਂਦਾ ਹੈ ਅਤੇ ਇਨ੍ਹਾਂ ਪੱਖਾਂ ਵਿਚ ਸੁਧਾਰ ਤੇ ਇਲਾਜ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਇਕ ਸਧਾਰਨ ਬੁੱਧੀ ਵਾਲਾ ਵਿਦਿਆਰਥੀ ਇਸ ਵਿਸ਼ੇ ਨੂੰ ਆਸਾਨੀ ਨਾਲ ਪੜ੍ਹ ਸਕਦਾ ਹੈ। ਇਸ ਵਿਸ਼ੇ 'ਚੋਂ ਮਾਨਸਿਕ ਸਮੱਸਿਆਵਾਂ ਜਿਵੇਂ ਕਿ ਤਣਾਅ, ਡਿਪ੍ਰੈਸ਼ਨ, ਨਿਰਾਸ਼ਾ ਤੇ ਹੋਰ ਰੋਗਾਂ ਦਾ ਜ਼ਿਕਰ ਤੇ ਇਲਾਜ ਕੀਤਾ ਜਾਂਦਾ ਹੈ। ਸਿੱਖਿਆ ਖੇਤਰ ਵਿਚ ਤਕਨੀਕੀ ਢੰਗਾਂ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਸਿੱਖਿਆ ਸੰਸਥਾਵਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਸਮਾਜਿਕ ਤੌਰ 'ਤੇ ਸਮਾਜ ਦੇ ਦੂਸਰੇ ਲੋਕਾਂ ਨਾਲ ਚੰਗੇ ਸੰਬੰਧ ਬਣਾਉਣ ਲਈ ਗਿਆਨ ਤੇ ਕੋਸ਼ਿਸ਼ ਕੀਤੀ ਜਾਂਦੀ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਚੰਗੇ ਸੰਬੰਧ ਸਥਾਪਿਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਇਸ ਮਨੋਵਿਗਿਆਨ ਵਿਸ਼ੇ ਦਾ ਕਾਰਜ ਖੇਤਰ ਵਿਸ਼ਾਲ ਹੁੰਦਾ ਹੈ ਅਤੇ ਸਾਡੀ ਵਿਹਾਰਿਕ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਇਸ ਦਾ ਪ੍ਰਯੋਗ ਹੁੰਦਾ ਹੈ। ਉਪਰੋਕਤ ਡਾਕਟਰੀ, ਸਿੱਖਿਆ ਤੇ ਸਮਾਜਿਕ ਖੇਤਰਾਂ ਤੋਂ ਇਲਾਵਾ ਮਨੋਵਿਗਿਆਨ ਵਿਸ਼ੇ ਦੀਆਂ ਕੀਤੀਆਂ ਜਾਂਦੀਆਂ ਖੋਜਾਂ ਦਾ ਪ੍ਰਯੋਗ ਕਾਨੂੰਨੀ ਅਪਰਾਧ ਤੇ ਸਜ਼ਾ, ਉਦਯੋਗ ਜਗਤ ਵਿਚ ਉਦਯੋਗਾਂ ਵਿਚ ਸੁਧਾਰ, ਪ੍ਰਬੰਧਕਾਂ ਤੇ ਮਜ਼ਦੂਰਾਂ ਵਿਚ ਚੰਗਾ ਸੰਬੰਧ ਕਾਇਮ ਕਰਨ ਅਤੇ ਰਾਜਨੀਤਕ ਖੇਤਰ ਵਿਚ ਲੋਕਾਂ ਦੀ ਮਨੋਬਿਰਤੀ ਵੇਖਣ ਲਈ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮਨੋਵਿਗਿਆਨ ਵਿਸ਼ਾ ਬਹੁਤ ਹੀ ਉਪਯੋਗੀ ਤੇ ਲਾਭਦਾਇਕ ਹੈ।

-ਮਨੋਵਿਗਿਆਨ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, ਹੁਸ਼ਿਆਰਪੁਰ।

ਸਰਕਾਰ ਦੇ ਧਿਆਨ ਹਿੱਤ

ਇਹ ਆਮ ਸੁਣਿਆ ਜਾਂਦਾ ਹੈ ਕਿ ਪੰਜਾਬ ਦੇ ਬਹੁਤੇ ਹਸਪਤਾਲਾਂ ਵਿਚ ਲੁੱਟ ਮਚੀ ਹੋਈ ਹੈ। ਇਹ ਵੀ ਸੁਣਨ ਵਿਚ ਆਉਂਦਾ ਰਹਿੰਦਾ ਹੈ ਕਿ ਮਰੀਜ਼ ਦੇ ਪਰਿਵਾਰ ਵਲੋਂ ਜਦੋਂ ਕੈਸ਼ ਕਾਊਂਟਰ 'ਤੇ ਬਿੱਲ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਬਿੱਲ ਵਿਚ ਪੈਸੇ ਵੱਧ ਲਾ ਦਿੱਤੇ ਜਾਂਦੇ ਹਨ। ਜਦੋਂ ਬਿੱਲ ਦਾ ਭੁਗਤਾਨ ਕਰਨ ਵਾਲਾ ਬਿੱਲ ਨੂੰ ਦੇਖਦਾ ਹੈ ਤਾਂ ਵੱਧ ਲੱਗੇ ਪੈਸਿਆਂ ਦਾ ਇਤਰਾਜ਼ ਕਰਨ 'ਤੇ ਕੈਸ਼ ਕਾਊਂਟਰ ਦੇ ਮੁਲਾਜ਼ਮਾਂ ਵਲੋ 'ਸੌਰੀ' ਕਹਿ ਕੇ ਪੈਸੇ ਘਟਾ ਦਿੱਤੇ ਜਾਂਦੇ ਹਨ। ਪਰ ਬਹੁਤੇ ਲੋਕ ਅਜਿਹੇ ਵੀ ਹੰਦੇ ਹਨ ਜੋ ਮਰੀਜ਼ ਨੂੰ ਛੁੱਟੀ ਮਿਲਣ 'ਤੇ ਬਿਲ ਦਾ ਛੇਤੀ-ਛੇਤੀ ਭੁਗਤਾਨ ਕਰ ਕੇ ਹਸਪਤਾਲ 'ਚੋਂ ਨਿਕਲਣ ਦੀ ਕਰਦੇ ਹਨ, ਬਿੱਲ ਨੂੰ ਦੇਖਦੇ ਤੱਕ ਨਹੀਂ। ਇਸ ਤੋਂ ਅੱਗੇ ਬੇਲੋੜੀਆਂ ਸਰਜਰੀਆਂ, ਬੇਲੋੜੇ ਟੈੱਸਟ, ਸਕੈਨਾਂ ਤੇ ਐਕਸਰੇ ਆਦਿ ਦੇ ਨਾਵਾਂ 'ਤੇ ਵੀ ਮਰੀਜ਼ ਦੀ ਜੇਬ 'ਤੇ ਬੇਲੋੜਾ ਭਾਰ ਪਾਇਆ ਜਾ ਰਿਹਾ ਹੈ। ਉਪਰੋਕਤ ਵਰਤਾਰਾ ਜਿੱਥੇ ਨਿੰਦਣਯੋਗ ਹੈ, ਉੱਥੇ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇ ਕੇ ਹੁੰਦੀ ਇਸ ਲੁੱਟ ਤੋਂ ਲੋਕਾਂ ਨੂੰ ਬਚਾਇਆ ਜਾਵੇ।-

ਬੰਤ ਸਿੰਘ ਘੁਡਾਣੀ
ਲੁਧਿਆਣਾ।