3 ਕਿਲੋ ਹੈਰੋਇਨ ਤੇ 2 ਪਿਸਟਲ 9 ਐਮ.ਐਮ. ਸਮੇਤ ਤਿੰਨ ਗ੍ਰਿਫਤਾਰ


ਅਟਾਰੀ, (ਅੰਮ੍ਰਿਤਸਰ), 22 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਅਤੇ ਮਨਿੰਦਰ ਸਿੰਘ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਖਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਦੀ ਅਗਵਾਈ ਵਿਚ ਥਾਣਾ ਘਰਿੰਡਾ ਪੁਲਿਸ ਵਲੋਂ 3 ਕਿਲੋ ਹੈਰੋਇਨ ਤੇ 2 ਪਿਸਟਲ 9 ਐਮ.ਐਮ. ਸਮੇਤ ਦਲਜੀਤ ਸਿੰਘ ਉਰਫ ਭੋਲਾ, ਪਵਨਪ੍ਰੀਤ ਸਿੰਘ ਉਰਫ ਮੋਨੂੰ ਅਤੇ ਕਰਨਜੀਤ ਸਿੰਘ ਉਰਫ ਕਰਨ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਮੁੱਖ ਅਫਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਲਜੀਤ ਸਿੰਘ ਉਰਫ ਭੋਲਾ ਪੁੱਤਰ ਕਾਬਲ ਸਿੰਘ ਵਾਸੀ ਧਾਰੀਵਾਲ ਉਧਰ ਥਾਣਾ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ, ਪਵਨਪ੍ਰੀਤ ਸਿੰਘ ਉਰਫ ਮੋਨੂੰ ਪੁੱਤਰ ਬਲਦੇਵ ਸਿੰਘ ਵਾਸੀ ਧਨੋਏ ਕਲਾਂ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਕਰਨਜੀਤ ਸਿੰਘ ਉਰਫ ਕਰਨ ਪੁੱਤਰ ਸਤਨਾਮ ਸਿੰਘ ਵਾਸੀ ਧਨੋਏ ਕਲਾਂ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਤਿੰਨੋ ਰਲ ਕੇ ਹੈਰੋਇਨ ਅਤੇ ਅਸਲਾ ਵੇਚਣ ਦਾ ਧੰਦਾ ਕਰਦੇ ਹਨ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਘਰਿੰਡਾ ਦੀ ਅਗਵਾਈ ਵਿਚ ਥਾਣਾ ਘਰਿੰਡਾ ਪੁਲਿਸ ਵਲੋਂ ਪਿੰਡ ਮੋਦੇ ਤੋਂ ਉਕਤ ਦੋਸ਼ੀਆਂ ਨੂੰ 3 ਕਿਲੋ ਹੈਰੋਇਨ, 2 ਪਿਸਟਲ 9 ਐਮ. ਐਮ. ਅਤੇ ਇਕ ਮੋਪਡ ਸਮੇਤ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਉਕਤ ਤਿੰਨਾਂ ਖਿਲਾਫ ਘਰਿੰਡਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਕਤ ਗ੍ਰਿਫਤਾਰ ਵਿਅਕਤੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।