ਕਰਤਾਰਪੁਰ ਸਾਹਿਬ ਟਰਮੀਨਲ ਚੈੱਕ ਪੋਸਟ ਸ਼ਰਧਾਲੂਆਂ ਲਈ ਖੁੱਲ੍ਹਾ ਪਰ ਲਾਂਘਾ ਬੰਦ

ਡੇਰਾ ਬਾਬਾ ਨਾਨਕ, 22 ਮਈ (ਹੀਰਾ ਸਿੰਘ ਮਾਂਗਟ)-ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਗੜੇ ਸੰਬੰਧਾਂ ਤੋਂ ਬਾਅਦ ਸਰਹੱਦ 'ਤੇ ਬਣੇ ਜੰਗ ਵਰਗੇ ਮਾਹੌਲ ਕਾਰਨ ਭਾਰਤ ਸਰਕਾਰ ਵਲੋਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਵੇਖਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਵੀ ਬੰਦ ਕਰ ਦਿੱਤਾ ਗਿਆ ਸੀ। ਇਥੋਂ ਤੱਕ ਕਿ ਹਾਲਾਤ ਨੂੰ ਵੇਖਦਿਆਂ ਹੋਇਆਂ ਸਰਕਾਰ ਨੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਘੇ ਉਤੇ ਬਣਾਈ ਟਰਮੀਨਲ ਚੈੱਕ ਪੋਸਟ ਜਿਸ ਨੂੰ ਆਧਾਰ ਕਾਰਡ ਉਤੇ 50 ਰੁਪਏ ਫੀਸ ਦੇ ਕੇ ਸ਼ਰਧਾਲੂਆਂ ਵਲੋਂ ਵੇਖਿਆ ਜਾਂਦਾ ਸੀ, ਨੂੰ ਵੀ ਮੁਕੰਮਲ ਤੌਰ ਉਤੇ ਬੰਦ ਕਰ ਦਿੱਤਾ ਸੀ, ਜਿਸ ਨੂੰ ਭਾਰਤ ਸਰਕਾਰ ਵਲੋਂ ਕੱਲ੍ਹ 23 ਨਵੰਬਰ ਤੋਂ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਕਰਤਾਰਪੁਰ ਸਾਹਿਬ ਇੰਟੀਗਰੇਟਡ ਟਰਮੀਨਲ ਚੈੱਕ ਪੋਸਟ ਦੇ ਮੁੱਖ ਅਧਿਕਾਰੀ ਸ੍ਰੀ ਟਿੱਕਾ ਰਾਮ ਸ਼ਰਮਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਅਜੇ ਭਾਰਤ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਨਹੀਂ ਖੋਲ੍ਹਿਆ ਪਰ ਸ਼ਰਧਾਲੂਆਂ ਦੀ ਆਮਦ ਨੂੰ ਵੇਖਦਿਆਂ ਹੋਇਆਂ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਟਰਮੀਨਲ ਚੈੱਕ ਪੋਸਟ ਨੂੰ ਖੋਲ੍ਹ ਦਿੱਤਾ ਗਿਆ ਹੈ। ਜਿਥੇ ਸ਼ਰਧਾਲੂ ਕੱਲ੍ਹ ਤੋਂ ਪਹਿਲਾਂ ਦੀ ਤਰ੍ਹਾਂ ਆਧਾਰ ਕਾਰਡ ਉਤੇ 50 ਰੁਪਏ ਫੀਸ ਦੇ ਕੇ ਕਰਤਾਰਪੁਰ ਕੋਰੀਡੋਰ ਟਰਮੀਨਲ ਚੈੱਕ ਪੋਸਟ ਦੇਖ ਸਕਣਗੇ।