ਫਿਰੋਜ਼ਪੁਰ ਵਿਖ਼ੇ ਬੀ.ਐਸ.ਐਫ. ਨੇ ਪਿਸਤੌਲ ਸਣੇ ਸ਼ੱਕੀ ਵਿਅਕਤੀ ਸਮੇਤ 2 ਡਰੋਨ ਕੀਤੇ ਬਰਾਮਦ

ਫਿਰੋਜ਼ਪੁਰ, 22 ਮਈ-ਬੀ.ਐਸ.ਐਫ. ਦੀ ਇੰਟੈਲੀਜੈਂਸ ਵਿੰਗ ਵਲੋਂ ਮਿਲੀ ਠੋਸ ਜਾਣਕਾਰੀ ਦੇ ਆਧਾਰ ’ਤੇ ਬੀ.ਐਸ.ਐਫ. ਦੇ ਜਵਾਨਾਂ ਨੇ ਅੱਜ ਫਿਰੋਜ਼ਪੁਰ ਦੇ ਪਿੰਡ ਗੇਂਦੂ ਕਿਲਚਾ ਤੋਂ 1 ਸ਼ੱਕੀ ਵਿਅਕਤੀ ਨੂੰ ਦੇਸੀ ਪਿਸਤੌਲ ਅਤੇ 1 ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀ ਹਬੀਬ ਵਾਲਾ ਪਿੰਡ ਦਾ ਰਹਿਣ ਵਾਲਾ ਹੈ, ਜਿਸ ਨੂੰ ਹੋਰ ਪੁੱਛਗਿੱਛ ਲਈ ਪੁਲਿਸ ਥਾਣਾ ਮਮਦੋਟ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਜੋ ਉਸ ਦੇ ਗੈਰ-ਕਾਨੂੰਨੀ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ। ਬੀ.ਐਸ.ਐਫ. ਦੇ ਜਵਾਨਾਂ ਨੇ ਬੀਤੀ ਰਾਤ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਇਕ ਸੁੱਕੀ ਹੋਈ ਡਰੇਨ ਦੇ ਵਿਚੋਂ ਇਕ ਡਰੋਨ ਬਰਾਮਦ ਕੀਤਾ ਅਤੇ ਅੱਜ 11:50 ਵਜੇ ਬੀ.ਐਸ.ਐਫ. ਦੇ ਚੌਕਸ ਜਵਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਿਲਚੇ ਦੇ ਨੇੜੇ ਇਕ ਖੇਤ ਵਿਚੋਂ ਡੀ. ਜੀ. ਏਅਰ 3 ਇਕ ਡਰੋਨ ਬਰਾਮਦ ਕੀਤਾ। ਉਥੇ ਹੀ ਬੀ.ਐਸ.ਐਫ. ਦੇ ਜਵਾਨਾਂ ਨੇ ਸਰਚ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਇਕ ਵਾਰ ਫਿਰ ਸਰਹੱਦ ਪਾਰ ਤੋਂ ਆ ਰਹੇ ਸਮੱਗਲਰਾਂ ਅਤੇ ਡਰੋਨ ਹੈਂਡਲਰਾਂ ਦੀ ਨਾਪਾਕ ਯੋਜਨਾ ਨੂੰ ਨਾਕਾਮ ਕਰ ਦਿੱਤਾ।