ਸੀਵਰੇਜ ਪਾਈਪ ਲਾਈਨ ਦਾ ਵਿਰੋਧ ਕਰ ਰਹੇ 36 ਦੇ ਕਰੀਬ ਕਿਸਾਨ ਹੋਰ ਗ੍ਰਿਫਤਾਰ

ਮੌੜ ਮੰਡੀ, 22 ਮਈ (ਗੁਰਜੀਤ ਸਿੰਘ ਕਮਾਲੂ)-ਮੌੜ ਮੰਡੀ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਮੌੜ ਮੰਡੀ ਤੋਂ ਕੋਟਫੱਤਾ ਕੋਲ ਲੰਘਦੀ ਲਸਾੜਾ ਡਰੇਨ ਤੱਕ ਸੀਵਰੇਜ ਪਾਈਪ ਲਾਈਨ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਪਿੰਡ ਘਸੋਖਾਨਾ ਦੇ ਵਾਸੀਆਂ ਵਲੋਂ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਇਸ ਪਾਈਪ ਲਾਈਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਕੱਲ੍ਹ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ, ਪਿੰਡ ਦੀ ਪੰਚਾਇਤ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਨੇ ਨੰਦਗੜ੍ਹ ਥਾਣਾ ਵਿਖੇ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਜੇਲ੍ਹ ਭੇਜ ਦਿੱਤਾ ਸੀ। ਅੱਜ ਦੂਸਰੇ ਦਿਨ ਜਦੋਂ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਪਿੰਡ ਵਾਸੀਆਂ ਨੇ ਪਾਈਪ ਲਾਈਨ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਭਾਰੀ ਗਿਣਤੀ ਵਿਚ ਪਹੁੰਚੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਵੀ ਅਜੇ ਹੋਰ ਕਿਸਾਨ ਮੌਕੇ ਉਤੇ ਵਿਰੋਧ ਵਿਚ ਡਟੇ ਹੋਏ ਹਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਯੂਨੀਅਨ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਵੀ ਪਾਈਪ ਲਾਈਨ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੀ ਹਮਾਇਤ ਲਈ ਪਹੁੰਚ ਰਹੇ ਹਨ।