ਛੱਤੀਸਗੜ੍ਹ: ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਚਾਲੂ, ਮਾਰੇ ਗਏ 28 ਤੋਂ ਵੱਧ ਨਕਸਲੀ

ਰਾਏਪੁਰ, 21 ਮਈ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿਚ ਡੀ.ਆਰ.ਜੀ. ਜਵਾਨਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਅਬੂਝਮਾੜ ਇਲਾਕੇ ਵਿਚ ਹੋਏ ਇਸ ਮੁਕਾਬਲੇ ਵਿਚ 28 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਕਈ ਨਕਸਲੀਆਂ ਦੀਆਂ ਲਾਸ਼ਾਂ ਅਤੇ ਵੱਡੀ ਗਿਣਤੀ ਵਿਚ ਹਥਿਆਰ ਮਿਲਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਮੁਕਾਬਲੇ ਵਿਚ ਇਕ ਸੈਨਿਕ ਦੇ ਸ਼ਹੀਦ ਹੋਣ ਅਤੇ ਇਕ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਡੀ.ਆਰ.ਜੀ. ਦੇ ਜਵਾਨਾਂ ਨੇ ਵੱਡੇ ਨਕਸਲੀ ਆਗੂਆਂ ਰੂਪੇਸ਼ ਅਤੇ ਵਿਕਲਪ ਸਮੇਤ ਕਈ ਵੱਡੇ ਨਕਸਲੀ ਨੇਤਾਵਾਂ ਨੂੰ ਘੇਰ ਲਿਆ ਹੈ। ਨਾਰਾਇਣਪੁਰ, ਬੀਜਾਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਵਿਚ ਨਕਸਲੀਆਂ ਅਤੇ ਡੀ.ਆਰ.ਜੀ. ਜਵਾਨਾਂ ਵਿਚਕਾਰ ਮੁਕਾਬਲਾ ਜਾਰੀ ਹੈ। ਮਾੜ ਇਲਾਕੇ ਵਿਚ ਸਵੇਰ ਤੋਂ ਹੀ ਗੋਲੀਬਾਰੀ ਜਾਰੀ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਮੁਕਾਬਲੇ ਵਿਚ ਖਤਰਨਾਕ ਨਕਸਲੀ ਬਾਸਵਾ ਰਾਜੂ ਵੀ ਮਾਰਿਆ ਗਿਆ।