21-05-2025
ਜ਼ਰੂਰੀ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ
ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹਰ ਵਿਅਕਤੀ ਲਈ ਜ਼ਰੂਰੀ ਹੈ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੀ ਸੜਕੀ ਹਾਦਸੇ ਵਾਪਰਦੇ ਹਨ। ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਉਵੇਂ-ਉਵੇਂ ਸੜਕਾਂ 'ਤੇ ਭੀੜ ਵਧਦੀ ਜਾ ਰਹੀ ਹੈ। ਹਰ ਬੰਦਾ ਜਲਦੀ-ਜਲਦੀ ਵਿਚ ਹੀ ਹੁੰਦਾ ਹੈ। ਕੋਈ ਟ੍ਰੈਫਿਕ ਨਿਯਮਾਂ ਵੱਲ ਧਿਆਨ ਨਹੀਂ ਦਿੰਦਾ। ਇਹ ਨਿਯਮ ਸਾਡੀ ਜਾਨ ਨੂੰ ਖ਼ਤਰੇ ਤੋਂ ਬਚਾਉਂਦੇ ਹਨ। ਜਦੋਂ ਵੀ ਕੋਈ ਟ੍ਰੈਫਿਕ ਇੰਚਾਰਜ ਸਾਡੀ ਗੱਡੀ ਰੋਕਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਸਿਫਾਰਸ਼ ਲੱਭਣ ਲੱਗ ਜਾਂਦੇ ਹਾਂ। ਜੇ ਅਸੀਂ ਹੈਲਮਟ ਨਹੀਂ ਪਾਇਆ ਤਾਂ ਨੁਕਸਾਨ ਸਾਡਾ ਹੀ ਹੈ। ਕਈ ਜਾਨਾਂ ਸਿਰ 'ਤੇ ਸੱਟ ਲੱਗਣ ਕਰ ਕੇ ਹੀ ਜਾਂਦੀਆਂ ਹਨ ਕਿਉਂਕਿ ਅਸੀਂ ਹੈਲਮੈਟ ਦੀ ਵਰਤੋਂ ਨਹੀਂ ਕਰਦੇ। ਟ੍ਰੈਫਿਕ ਨਿਯਮਾਂ ਦਾ ਪਾਲਣ ਕਰਾਉਣ ਵਿਚ ਬੱਚਿਆਂ ਅਤੇ ਮਾਪਿਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਟ੍ਰੈਫਿਕ ਨਿਯਮ ਬਣਾਉਣ ਦੇ ਪਿੱਛੇ ਸਭ ਦੀ ਸੁਰੱਖਿਆ ਸਭ ਤੋਂ ਵੱਡਾ ਕਾਰਨ ਹੈ। ਜੇਕਰ ਅਸੀਂ ਨਿਯਮਾਂ ਦਾ ਪਾਲਣ ਕਰਾਂਗੇ ਤਾਂ ਅਸੀਂ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਤੋਂ ਬਚ ਸਕਾਂਗੇ। ਅਸੀਂ ਆਪਣੇ ਬੱਚਿਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੀਏ ਤਾਂ ਜੋ ਅਨਮੋਲ ਮਨੁੱਖੀ ਜਾਨਾਂ ਨੂੰ ਅਜਾਈਂ ਜਾਣ ਤੋਂ ਬਚਾਇਆ ਜਾ ਸਕੇ।
-ਗੌਰਵ ਮੁੰਜਾਲ ਪੀ.ਸੀ.ਐਸ.\
ਸਿੱਖਿਆ
ਪੁੱਤ ਨੂੰ ਬਾਪੂ ਨੇ ਕਿਹਾ, 'ਥਾਲੀ-ਕੋਲੀ ਸਾਫ਼ ਕਰ ਕੇ ਛੱਡੀ ਦੀ ਏ, ਜੂਠ ਨਹੀਂ ਛੱਡੀ ਦੀ' ਪੁੱਤ ਸੋਚਦਾ-ਸੋਚਦਾ ਰੋਟੀ ਖਾ ਗਿਆ ਤੇ ਸਭ ਸੀਧਾ ਮੁਕਾ ਕੇ ਥਾਲੀ ਭਾਂਡੇ ਧੌਣ ਵਾਲੀ ਜਗ੍ਹਾ 'ਤੇ ਰੱਖ ਆਇਆ। ਆਉਂਦੇ ਸਾਰ ਹੀ ਪੁੱਤ ਨੂੰ ਬਾਪੂ ਨੇ ਫਰਮਾਨ ਕੀਤਾ, 'ਲੈ ਪੁੱਤ, ਮੈਂ ਵੀ ਰੋਟੀ ਖਾ ਲਈ, ਮੇਰੀ ਥਾਲੀ ਵਿਚੋਂ ਬਚੀ ਸਬਜ਼ੀ ਭਾਜੀ ਡੰਗਰਾਂ ਮੁਹਰੇ ਸੁੱਟ ਕੇ ਥਾਲੀ ਭਾਂਡੇ ਧੋਣ ਵਾਲੀ ਜਗ੍ਹਾ 'ਤੇ ਰੱਖ ਦੇ' ਪੁੱਤ ਸੋਚਦਾ ਅਤੇ ਖਿਆਲਾਂ 'ਚ ਗੁਆਚਿਆ ਡੰਗਰਾਂ ਮੁਹਰੋਂ ਹੋ ਕੇ ਥਾਲੀ ਰੱਖ ਆਇਆ। ਆਉਂਦੇ ਸਾਰ ਪੁੱਤ ਨੇ ਨਵੀਂ ਪੀੜ੍ਹੀ ਦਾ ਸਬਕ ਸੁਨੇਹਾ ਦਿੱਤਾ, 'ਬਾਪੂ ਜੀ ਰੂਸ ਦੇਸ਼ ਦੀ ਕਹਾਵਤ ਹੈ ਕਿ ਬੱਚਾ ਪੰਜ ਸਾਲ ਤੱਕ ਉਹੀ ਸਿੱਖਦਾ ਹੈ ਜੋ ਘਰ ਵਿਚ ਦੇਖਦਾ ਹੈ' ਬਾਪੂ ਨੂੰ ਇਹ ਵੀ ਲੇਟ ਸਮਝ ਲੱਗੀ ਕਿ ਜੇ ਘਰ ਵਿਚ ਸਿਆਣੇ ਜੂਠ ਨਹੀਂ ਛੱਡਦੇ ਤਾਂ ਬੱਚੇ ਨੂੰ ਕਹਿਣ ਦੀ ਲੋੜ ਨਹੀਂ ਹੈ। ਅੱਜ ਬਾਪੂ ਪੁੱਤ ਦੀ ਸਿੱਖਿਆ ਅਤੇ ਸਮਾਜੀਕਰਨ ਦਾ ਸੰਬੰਧ ਪੀੜ੍ਹੀ ਦੇ ਪਾੜੇ ਵਿਚ ਫਸਿਆ ਹੋਇਆ ਹੈ। ਬੱਚੇ ਨਕਲ ਕਰ ਕੇ ਵੱਧ ਅਤੇ ਠੋਸੇ ਗਿਆਨ ਕਰ ਕੇ ਘੱਟ ਸਿਖਦੇ ਹਨ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਪ੍ਰਭਾਵਸ਼ਾਲੀ ਆਦੇਸ਼
ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਨੇ ਇਕ ਪ੍ਰਭਾਵਸ਼ਾਲੀ ਆਦੇਸ਼ ਦਿੱਤਾ ਹੈ। ਜਿਸ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ। ਆਦੇਸ਼ ਅਨੁਸਾਰ ਕੋਰਟ ਨੇ ਕਿਹਾ ਹੈ ਕਿ ਜਿਸ ਹਸਪਤਾਲ 'ਚੋਂ ਨਵਜੰਮਾ ਬੱਚਾ ਚੋਰੀ ਹੁੰਦਾ ਹੈ ਤਾਂ ਸੰਬੰਧਿਤ ਸਰਕਾਰਾਂ ਤੁਰੰਤ ਉਸ ਹਸਪਤਾਲ ਦਾ ਲਾਈਸੰਸ ਰੱਦ ਕਰਨ। ਨਵਜੰਮਿਆ ਬੱਚਿਆਂ ਦਾ ਚੋਰੀ ਹੋਣ ਦਾ ਰੁਝਾਨ ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਜੋ ਰੁਕ ਨਹੀਂ ਰਿਹਾ। ਅਜਿਹੇ ਗੈਰਕਾਨੂੰਨੀ ਤੇ ਬੇਹੱਦ ਮੰਦਭਾਗੇ ਵਰਤਾਰੇ ਨੂੰ ਸਖ਼ਤਾਈ ਨਾਲ ਹੀ ਰੋਕਿਆ ਜਾ ਸਕਦਾ ਹੈ ਜਿਸ ਮਾਂ ਨੇ 9 ਮਹੀਨੇ ਪੇਟ 'ਚ ਬੱਚੇ ਨੂੰ ਰੱਖ ਕੇ ਜਨਮ ਦੇਣ ਮੌਕੇ ਅਸਹਿ ਪੀੜਾ ਝੱਲੀ ਹੋਵੇ ਤੇ ਜਦ ਬੱਚੇ ਦਾ ਮੂੰਹ ਵੇਖਣ ਦਾ ਸਮਾਂ ਆਵੇ ਤਾਂ ਬੱਚਾ ਗਾਇਬ ਹੋ ਜਾਵੇ ਤਾਂ ਉਸ ਸਮੇਂ ਮਾਂ 'ਤੇ ਜੋ ਬੀਤ ਰਹੀ ਹੋਵੇਗੀ ਉਸ ਸਮੇਂ ਦੇ ਪਨਪੇ ਦਰਦ ਨੂੰ ਇਕ ਮਾਂ ਹੀ ਬਿਆਨ ਕਰ ਸਕਦੀ ਹੈ। ਕੋਈ ਹੋਰ ਨਹੀਂ। ਸੁਪਰੀਮ ਕੋਰਟ ਦਾ ਉਪਰੋਕਤ ਆਦੇਸ਼ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
-ਬੰਤ ਸਿੰਘ ਘੁਡਾਣੀ ਲੁਧਿਆਣਾ।
ਝੂਠੀਆਂ ਅਫ਼ਵਾਹਾਂ ਨਾ ਫੈਲਾਓ...
ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿਚ ਬਹੁਤ ਜ਼ਿਆਦਾ ਟਕਰਾਅ ਵਾਲੇ ਹਾਲਾਤ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਪਾਕਿਸਤਾਨ ਵਲੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹੋਏ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿਚ ਹਮਲਾ ਕਰਕੇ ਨਿਰਦੋਸ਼ ਸੈਲਾਨੀਆਂ ਨੂੰ ਮਾਰ ਦਿੱਤਾ ਸੀ। ਜਦੋਂ ਭਰਤ ਵਲੋਂ ਇਸ ਹਮਲੇ ਦਾ ਜਵਾਬ ਦੇਣ ਲਈ ਕਾਰਵਾਈ ਕੀਤੀ ਗਈ। ਫਿਰ ਦੋਨਾਂ ਦੇਸ਼ਾਂ ਵਿਚ ਲੜਾਈ ਲੱਗੇ ਵਰਗੇ ਹਾਲਾਤ ਬਣ ਗਏ। ਇਸ ਤੋਂ ਬਾਅਦ ਚਾਹੇ ਯੁੱਧਬੰਦੀ ਵੀ ਹੋ ਗਈ ਹੈ ਪਰ ਕੁਝ ਲੋਕਾਂ ਵਲੋਂ ਇਕ ਵਾਰ ਫਿਰ ਲੜਾਈ ਲੱਗਣ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਹ ਲੋਕ ਜਾਅਲੀ ਅਤੇ ਫਰਜ਼ੀ ਪੁਰਾਣੀਆਂ ਵੀਡੀਓ ਪਾ ਕੇ ਲੋਕਾਂ ਨੂੰ ਡਰਾ ਅਤੇ ਗੁੰਮਰਾਹ ਕਰ ਰਹੇ ਹਨ। ਸਾਡੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜਦੋਂ ਤੱਕ ਜ਼ਿਲਾ ਪ੍ਰਸ਼ਾਸਨ ਕੋਈ ਹੁਕਮ ਜਾਂ ਪੁਸ਼ਟੀ ਨਹੀਂ ਕਰਦਾ ਉਦੋਂ ਤੱਕ ਕਿਸੇ ਵੀ ਸੁਨੇਹੇ ਨੂੰ ਅੱਗੇ ਨਾ ਭੇਜੋ। ਕਈ ਵਾਰ ਝੂਠੀਆਂ ਅਤੇ ਫਰਜ਼ੀਵੀਡੀਓ ਪਾਉਣ ਨਾਲ ਲੋਕਾਂ ਵਿਚ ਡਰ ਅਤੇ ਘਬਰਾਹਟ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਸ ਤਰ੍ਹਾਂ ਝੂਠੀਆਂ ਅਫ਼ਵਾਹਾਂ ਕਰਕੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੂੰ ਅਪੀਲ ਹੈ ਕਿ ਝੂਠੀਆਂ ਅਫ਼ਵਾਹਾਂ ਤੇ ਕਦੀ ਵੀ ਵਿਸ਼ਵਾਸ ਨਾ ਕਰਨ। ਸਰਕਾਰ ਨੂੰ ਚਾਹੀਦਾ ਹੈ ਕਿ ਝੂਠੀਆਂ ਅਤੇ ਫਰਜ਼ੀ ਵੀਡੀਓ ਪਾਉਣ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।