ਪਹਿਲਗਾਮ ਘਟਨਾਕ੍ਰਮ: ਵੱਖ ਵੱਖ ਬਾਜ਼ਾਰ ਰੋਸ ਵਜੋਂ ਬੰਦ



ਹੁਸ਼ਿਆਰਪੁਰ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਬਲਜਿੰਦਰ ਪਾਲ ਸਿੰਘ, ਅਮਰਜੀਤ ਸਿੰਘ ਸਡਾਨਾ, ਰਣਜੀਤ ਸਿੰਘ ਢਿੱਲੋਂ)- ਪਹਿਲਗਾਮ ਹਮਲੇ ਦੇ ਰੋਸ ਵਜੋ ਅੱਜ ਹਿੰਦੂ ਜਥੇਬੰਦੀਆਂ ਵਲੋਂ ਸ਼ਹਿਰ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਹੁਸ਼ਿਆਰਪੁਰ ਤਕਰੀਬਨ ਮੁਕੰਮਲ ਤੌਰ ’ਤੇ ਬੰਦ ਹੈ ਤੇ ਹਿੰਦੂ ਸੰਗਠਨ ਬਾਜ਼ਾਰਾਂ ਵਿਚ ਜਾ ਕੇ ਜਿਹੜੀਆਂ ਦੁਕਾਨਾਂ ਖੁੱਲੀਆਂ ਹਨ ਉਹਨਾਂ ਨੂੰ ਬੰਦ ਕਰਨ ਦੀ ਅਪੀਲ ਕਰ ਰਹੇ ਹਨ। ਇਸੇ ਤਰ੍ਹਾਂ ਹੀ ਕਪੂਰਥਲਾ ਸ਼ਹਿਰ ਦੇ ਬਾਜ਼ਾਰ ਵੀ 12 ਵਜੇ ਤੱਕ ਬੰਦ ਰੱਖ ਰੋਸ ਮਾਰਚ ਕੀਤਾ ਗਿਆ ਤੇ ਪਾਕਿਸਤਾਨ ਤੇ ਅੱਤਵਾਦ ਦਾ ਪੁਤਲਾ ਸਾੜ ਨਾਅਰੇਬਾਜ਼ੀ ਕੀਤੀ ਗਈ। ਸ੍ਰੀ ਮੁਕਸਤਰ ਸਾਹਿਬ ਵਿਖੇ ਵੀ ਵਪਾਰ ਮੰਡਲ ਦੇ ਸੱਦੇ ’ਤੇ ਮੁਕੰਮਲ ਬੰਦ ਹੈ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਹਿਰ ਵਿੱਚ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਨੂੰ ਲੈ ਕੇ ਦੇਸ਼ ਵਾਸੀਆਂ ਵਿੱਚ ਰੋਸ ਹੈ ਅਤੇ ਅੱਜ ਸ਼ਹਿਰ ਵਾਸੀਆਂ ਨੇ ਵੀ ਮੁਕੰਮਲ ਬੰਦ ਕਰਕੇ ਦੁੱਖ ਪ੍ਰਗਟ ਕੀਤਾ ਹੈ।