24-04-2025
ਕੁਦਰਤ ਬਦਲਾ ਜ਼ਰੂਰ ਲਵੇਗੀ
ਹੈਦਰਾਬਾਦ ਵਿਚ 400 ਏਕੜ 'ਚ ਫੈਲਿਆ 'ਕਾਂਚਾ ਗਾਛੀ ਵੋਲੀ' ਜੰਗਲ, ਜਿਸ ਵਿਚ ਕਈ ਕਿਸਮ ਦੇ ਜੀਵ-ਜੰਤੂ, ਪੰਛੀ ਅਤੇ ਰੁੱਖ ਸਦੀਆਂ ਤੋਂ ਵਸਦੇ ਆ ਰਹੇ ਹਨ, ਅੱਜ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਗਈ ਹੈ। ਇਸ ਜੰਗਲ ਨੂੰ ਕੱਟ ਕੇ ਵਿਕਾਸ ਦੇ ਨਾਂਅ 'ਤੇ ਉਥੇ ਕੰਕਰੀਟ ਦੇ ਮਹਿਲ ਉਸਾਰੇ ਜਾਣਗੇ। ਸਾਨੂੰ ਬਚਪਨ ਤੋਂ ਹੀ ਇਹ ਪਾਠ ਪੜ੍ਹਾਇਆ ਜਾਂਦਾ ਹੈ ਕਿ ਇਕ ਰੁੱਖ ਦਸ ਪੁੱਤਰਾਂ ਦੇ ਬਰਾਬਰ ਹੁੰਦਾ ਹੈ। ਪਰ ਅੱਜ ਜਦ ਰੁੱਖਾਂ ਦੀ ਬੇਦਰਦੀ ਨਾਲ ਹੱਤਿਆ ਕੀਤੀ ਜਾ ਰਹੀ ਹੈ, ਤਾਂ ਇਙ ਸਿੱਖਿਆ ਕਾਗਜ਼ੀ ਹੀ ਲੱਗਦੀ ਹੈ। ਕੀ ਅਸੀਂ ਵਾਕਈ ਤਰੱਕੀ ਕਰ ਰਹੇ ਹਾਂ ਜਾਂ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰ ਰਹੇ ਹਾਂ? ਕੁਦਰਤ ਨੇ ਸਾਨੂੰ ਜੀਉਣ ਲਈ ਹਵਾ, ਪਾਣੀ, ਛਾਂ ਤੇ ਜੀਵ-ਜੰਤੂ ਦਿੱਤੇ, ਪਰ ਅਸੀਂ ਹਮੇਸ਼ਾ ਲੈਣਾ ਸਿੱਖਿਆ ਦੇਣਾ ਨਹੀਂ। ਯਾਦ ਰੱਖੋ, ਕੁਦਰਤ ਨਿਰਲੇਪ ਤਾਂ ਹੈ, ਪਰ ਅੰਨ੍ਹੀ ਨਹੀਂ। ਉਹ ਆਪਣਾ ਹਿਸਾਬ ਕਿਤਾਬ ਕਦੇ ਨਾ ਕਦੇ ਜ਼ਰੂਰ ਲਵੇਗੀ। ਇਸ ਧਰਤੀ 'ਤੇ ਸਿਰਫ਼ ਇਨਸਾਨ ਦਾ ਹੀ ਨਹੀਂ, ਸਗੋਂ ਹਰ ਇਕ ਜੀਵ ਦਾ ਬਰਾਬਰ ਹੱਕ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰਫ਼ ਕਿਤਾਬਾਂ ਵਿਚ ਜੰਗਲਾਂ ਦੀਆਂ ਤਸਵੀਰਾਂ ਨਾ ਵੇਖਣੀਆਂ ਪੈਣ, ਇਸ ਲਈ ਅਸੀਂ ਅੱਜ ਵੀ ਜਾਗ ਗਏ ਤਾਂ ਕੁੱਝ ਬਚਾਇਆ ਜਾ ਸਕਦਾ ਹੈ।
-ਬਲਦੇਵ ਸਿੰਘ ਬੇਦੀ
ਜਲੰਧਰ
ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ
ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਣ ਕੀਤਾ ਗਿਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਹੈ। ਜਿਸ ਦਾ ਅਰਥ ਹੈ ਸਭ ਤੋਂ ਉੱਤਮ ਤੇ ਪ੍ਰਥਮ ਜਲ ਹੈ, ਜਿਸ ਤੋਂ ਬਿਨਾਂ ਸੰਸਾਰ ਵਿਚ ਕੁਝ ਵੀ ਹਰਿਆ ਭਰਿਆ ਨਹੀਂ ਹੋ ਸਕਦਾ। ਪਾਣੀ ਸਾਡੀ ਜੀਵਨ ਦਾ ਸਭ ਤੋਂ ਜ਼ਰੂਰੀ ਕੁਦਰਤੀ ਸਰੋਤ ਹੈ ਇਕ ਵਿਅਕਤੀ 15 ਦਿਨ ਤੱਕ ਭੋਜਨ ਤੋਂ ਬਿਨਾਂ ਤਾਂ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਕੁਝ ਦਿਨ ਵੀ ਨਹੀਂ ਰਹਿ ਸਕਦਾ। ਪਾਣੀ ਸਿਰਫ਼ ਪੀਣ ਲਈ ਹੀ ਨਹੀਂ, ਸਗੋਂ ਖੇਤੀਬਾੜੀ, ਘਰੇਲੂ ਕੰਮਾਂ ਅਤੇ ਉਦਯੋਗਾਂ ਵਿਚ ਵੀ ਵਰਤਿਆ ਜਾਂਦਾ ਹੈ ਪਰ ਅੱਜਕੱਲ੍ਹ ਪਾਣੀ ਦੀ ਘਾਟ ਇਕ ਵੱਡੀ ਸਮੱਸਿਆ ਬਣ ਗਈ ਹੈ। ਇਸ ਦੇ ਕਈ ਮੁੱਖ ਕਾਰਨ ਹਨ ਜਿਵੇਂ ਪਾਣੀ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਜਾਂ ਫ਼ਜੂਲ ਵਰਤੋਂ ਵਾਤਾਵਰਣ ਵਿਚ ਬਦਲਾਅ ਅਤੇ ਵੱਧਦੀ ਆਬਾਦੀ, ਅਜਿਹੀਆਂ ਸਮੱਸਿਆਵਾਂ ਜੋ ਪਾਣੀ ਦੇ ਸਰੋਤਾਂ ਨੂੰ ਘਟਾ ਰਹੀਆਂ ਹਨ। ਇਸ ਨਾਲ ਹੀ ਜਦੋਂ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ, ਤਾਂ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਜਾਇਆ ਨਾ ਕਰੀਏ, ਸਗੋਂ ਸਮਾਰਟ ਇਰੀਗੇਸ਼ਨ ਸਿਸਟਮ ਅਤੇ ਪਾਣੀ ਬਚਾਉਣ ਵਾਲੇ ਉਪਕਰਨ ਇਸ ਦੇ ਹੱਲ ਦੇ ਤੌਰ 'ਤੇ ਵਰਤੀਏ ਤਾਂ ਜੋ ਪਾਣੀ ਦੀ ਸੰਭਾਲ ਕੀਤੀ ਜਾ ਸਕੇ ਅਤੇ ਇਸ ਦੇ ਨਾਲ-ਨਾਲ ਲੋਕਾਂ ਵਿਚ ਪਾਣੀ ਦੀ ਅਮੁੱਲ ਕੀਮਤ ਬਾਰੇ ਜਾਗਰੂਕਤਾ ਫੈਲਾਉਣਾ ਵੀ ਜ਼ਰੂਰੀ ਹੈ, ਜਿਸ ਨਾਲ ਅਸੀਂ ਇਸ ਦੇ ਸਰੋਤਾਂ ਨੂੰ ਬਚਾ ਸਕਦੇ ਹਾਂ ਅਤੇ ਆਪਣੀ ਅਗਲੀਆਂ ਪੀੜ੍ਹੀਆਂ ਲਈ ਪਾਣੀ ਦੀ ਉਪਲਬੱਧਤਾ ਯਕੀਨੀ ਬਣਾ ਸਕਦੇ ਹਾਂ।
-ਅਮਰਜੋਤ ਸਿੰਘ ਮਟੌਰ।
ਅਦਾਕਾਰਾ ਦਾ ਕਰਜ਼ਾ ਮੁਆਫ਼
ਬਾਲੀਵੁਡ ਅਦਾਕਾਰਾ ਪ੍ਰੀਤੀ ਜ਼ਿੰਟਾ ਦੁਆਰਾ ਬੈਂਕ ਤੋਂ ਲਈ ਰਕਮ ਵਿਚੋਂ ਇਕ ਕਰੋੜ ਪਚਵੰਜਾ ਲੱਖ ਦੀ ਮਿਲੀ ਮੁਆਫ਼ੀ ਆਪਣੇ ਆਪ ਵਿਚ ਇਕ ਸਵਾਲ ਖੜ੍ਹਾ ਕਰਦੀ ਹੈ। ਇਕੋ ਦੇਸ਼ ਵਿਚ ਰਹਿਣ ਵਾਲੇ ਵਿਅਕਤੀਆਂ ਲਈ ਕਾਨੂੰਨ ਦਾ ਵੱਖਰਾ-ਵੱਖਰਾ ਰਵੱਈਆ ਚਿੰਤਾ ਪੈਦਾ ਕਰਦਾ ਹੈ। ਇਕ ਆਮ ਕਿਸਾਨ ਜਦੋਂ ਜ਼ਮੀਨ ਗਹਿਣੇ ਰੱਖ ਕੇ ਲੱਖ ਦੋ ਲੱਖ ਕਰਜ਼ਾ ਚੁੱਕਦਾ ਹੈ ਤਾਂ ਬੈਂਕ ਉਸ ਤੋਂ ਨੀਯਤ ਸਮੇਂ ਵਿਚ ਵਿਆਜ ਸਮੇਤ ਵਾਪਸੀ ਦੀ ਉਡੀਕ ਕਰਦਾ ਹੈ। ਜੇਕਰ ਕਿਸਾਨ ਵਾਪਿਸ ਕਰਨ ਵਿਚ ਸਫ਼ਲ ਹੁੰਦਾ ਹੈ ਤਾਂ ਠੀਕ ਹੈ, ਜੇਕਰ ਨਹੀਂ ਹੁੰਦਾ ਤਾਂ ਉਸ ਦੀ ਜ਼ਮੀਨ ਦੀ ਕੁਰਕੀ ਕੀਤੀ ਜਾਂਦੀ ਹੈ। ਪ੍ਰੀਤੀ ਜ਼ਿੰਟਾ ਨੂੰ ਮਿਲੀ ਮੁਆਫ਼ੀ ਦਾ ਬੋਝ ਆਮ ਲੋਕਾਂ 'ਤੇ ਹੀ ਪਵੇਗਾ। ਬੈਂਕ ਉਸ ਨੂੰ ਤਾਂ ਛੱਡ ਸਕਦਾ ਹੈ ਪਰੰਤੂ ਆਮ ਵਿਅਕਤੀ ਦਾ ਕਰਜ਼ਾ ਮੁਆਫ਼ ਹੋਣਾ ਅਸੰਭਵ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਜੋ ਸਾਰੇ ਬੈਂਕਾਂ ਨੂੰ ਕੰਟਰੋਲ ਕਰਦਾ ਹੈ ਅਤੇ ਬੈਂਕ ਸੰਬੰਧੀ ਨੀਤੀਆਂ ਨਿਰਧਾਰਤ ਕਰਦਾ ਹੈ। ਉਸ ਨੂੰ ਤੁਰੰਤ ਇਸ ਮਾਮਲੇ ਵਿਚ ਸੰਬੰਧਿਤ ਬੈਂਕ ਨਾਲ ਰਾਬਤਾ ਕਾਇਮ ਕਰ ਕੇ ਉਸ ਦਾ ਆਡਿਟ ਕਰਵਾਉਣਾ ਚਾਹੀਦਾ ਹੈ ਤਾਂ ਬੈਂਕ ਨੇ ਹੁਣ ਤੱਕ ਕਿੰਨੀ ਧਾਂਧਲੀ ਕੀਤੀ ਹੈ। ਉਹ ਵੀ ਸਾਰਿਆਂ ਦੇ ਸਾਹਮਣੇ ਆ ਸਕੇ। ਇਸ ਦੇ ਨਾਲ-ਨਾਲ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਕਰਜ਼ਾ ਮੁਆਫ਼ੀ ਲਈ ਬਣੇ ਕਾਨੂੰਨ ਸਭ ਲਈ ਇਕ ਕਰਨ ਲਈ ਯਤਨ ਕਰਨੇ ਹੋਣਗੇ ਅਤੇ ਇਹ ਧਿਆਨ ਰੱਖਣਾ ਹੋਵੇਗਾ ਕਿ ਬੈਂਕ ਦੀ ਨੀਤੀ ਅਤੇ ਨੀਅਤ ਹਰ ਵਿਅਕਤੀ ਲਈ ਬਰਾਬਰ ਹੋਵੇ, ਫਿਰ ਚਾਹੇ ਉਹ ਭੱਠੇ 'ਤੇ ਕੰਮ ਕਰਨ ਵਾਲਾ ਮਜ਼ਦੂਰ ਹੋਵੇ ਜਾਂ ਬਾਲੀਵੁਡ ਅਦਾਕਾਰ।
-ਰਜਵਿੰਦਰ ਪਾਲ ਸ਼ਰਮਾ
ਟੈਕਨਾਲੋਜੀ ਦੀ ਸਹੀ ਵਰਤੋਂ ਜਰੂਰੀ
ਅੱਜ-ਕੱਲ੍ਹ ਟੈਕਨਾਲੋਜੀ ਨੇ ਸਾਡੀ ਜ਼ਿੰਦਗੀ ਨੂੰ ਕਾਫੀ ਬਦਲ ਕੇ ਰੱਖ ਦਿੱਤਾ ਹੈ। ਇਹ ਸਾਡੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣ ਗਈ ਹੈ, ਜਿਸ ਦਾ ਸਿੱਧਾ ਅਸਰ ਸਾਡੇ ਕੰਮ, ਸਿੱਖਿਆ ਅਤੇ ਮਨੋਰੰਜਨ 'ਤੇ ਪੈਂਦਾ ਹੈ। ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਟੈਕਨਾਲੋਜੀ ਦੇ ਪ੍ਰਭਾਵ ਵਿਚ ਵੀ ਵਾਧਾ ਹੋ ਰਿਹਾ ਹੈ। ਭਾਵੇਂ ਇਸ ਨੇ ਸਾਡਾ ਜੀਵਨ ਬਹੁਤ ਬਿਹਤਰ ਬਣਾਇਆ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਵਰਤਣਾ ਆਉਣਾ ਜ਼ਰੂਰੀ ਹੈ, ਤਾਂ ਜੋ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਿਆ ਜਾ ਸਕੇ।
-ਜਸਦੀਪ ਕੌਰ, ਅੜੈਚਾਂ।