ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰ ਰਹੀ ਥਾਣਾ ਬਧਨੀ ਕਲਾਂ ਦੀ ਸਰਕਾਰੀ ਗੱਡੀ ਹਾਦਸਾਗ੍ਰਸਤ

ਬੱਧਨੀ ਕਲਾਂ, 24 ਅਪ੍ਰੈਲ (ਸੰਜੀਵ ਕੋਛੜ)-ਪੁਲਿਸ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਵਲੋਂ ਮੋਟਰਸਾਈਕਲ ਉਤੇ ਜਾ ਰਹੇ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰਦੇ ਸਮੇਂ ਥਾਣਾ ਬੱਧਨੀ ਕਲਾਂ ਦੀ ਸਰਕਾਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਇਸ ਸਬੰਧੀ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਨਾਲ ਕਾਂਸਟੇਬਲ ਬੇਅੰਤ ਸਿੰਘ ਤੇ ਕਾਂਸਟੇਬਲ ਮਨਦੀਪ ਸਿੰਘ ਸਰਕਾਰੀ ਗੱਡੀ ਮਹਿੰਦਰਾ ਸਕਾਰਪੀਓ ’ਚ ਸਵਾਰ ਹੋ ਕੇ ਰਾਊਕੇ ਕਲਾਂ ਵੱਲ ਨੂੰ ਜਾ ਰਹੇ ਸਨ ਤਾਂ ਅੱਗੇ 2 ਨੌਜਵਾਨ ਬਿਨਾਂ ਨੰਬਰੀ ਮੋਟਰਸਾਈਕਲ ਉਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ ਉਤੇ ਉਨ੍ਹਾਂ ਨੂੰ ਜਦੋਂ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇੇ ਮੋਟਰਸਾਈਕਲ ਰੋਕਣ ਦੀ ਬਜਾਏ ਭਜਾ ਲਿਆ ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਕਤ ਨੌਜਵਾਨਾਂ ਨੇ ਚੁਰਸਤੇ ’ਚ ਇਕਦਮ ਮੋਟਰਸਾਈਕਲ ਸੜਕ ਦੇ ਵਿਚਕਾਰ ਸੁੱਟ ਦਿੱਤਾ ਅਤੇ ਆਪ ਖੇਤਾਂ ਵੱਲ ਨੂੰ ਭੱਜ ਗਏ। ਸੜਕ ਵਿਚਕਾਰ ਮੋਟਰਸਾਈਕਲ ਤੋਂ ਬਚਣ ਲਈ ਜਦੋਂ ਕਾਂਸਟੇਬਲ ਮਨਦੀਪ ਸਿੰਘ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਬੇਕਾਬੂ ਹੋ ਗਈ ਅਤੇ ਸੜਕ ਦੇ ਖੱਬੇ ਪਾਸੇ ਬਣੇ ਖਾਲ ’ਚ ਡਿੱਗ ਪਈ, ਜਿਸ ਨਾਲ ਉਨ੍ਹਾਂ ਦਾ ਸਿਰ ਗੱਡੀ ਦੇ ਅਗਲੇ ਸ਼ੀਸ਼ੇ ’ਚ ਵੱਜਿਆ ਅਤੇ ਉਨ੍ਹਾਂ ਦੀ ਧੌਣ ਨੂੰ ਬਹੁਤ ਤੇਜ਼ ਝਟਕਾ ਲੱਗਾ ਤੇ ਗੱਡੀ ਚਾਲਕ ਮਨਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ।