58 ਸਾਲਾ ਗੁਰਚਰਨ ਸਿੰਘ ਨੇ ਮਾਊਂਟ ਐਵਰੈਸਟ ’ਤੇ ਲਹਿਰਾਇਆ ਕੇਸਰੀ ਝੰਡਾ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਦੇ ਵਪਾਰੀ ਗੁਰਚਰਨ ਸਿੰਘ ਨੇ 58 ਸਾਲ ਦੀ ਉਮਰ ਵਿਚ ਮਾਊਂਟ ਐਵਰੈਸਟ ਵਿਖੇ ਕੇਸਰੀ ਝੰਡਾ ਲਹਿਰਾ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਦਾ ਗੁਰੂ ਨਗਰੀ ਪਹੁੰਚਣ ਵਿਖੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੇਵਾ ਮੁਕਤ ਹੈਂਡਬਾਲ ਕੋਚ ਵਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਉਨ੍ਹਾਂ ਦੇ ਗਰੁੱਪ ਵਲੋਂ 10 ਅਪ੍ਰੈਲ ਨੂੰ ਸਫ਼ਰ ਸ਼ੁਰੂ ਕੀਤਾ ਸੀ, ਜੋ ਕਿ ਸਖ਼ਤ ਸੰਘਰਸ਼ ਦੌਰਾਨ 18 ਅਪ੍ਰੈਲ ਤੱਕ ਚੱਲਦਾ ਰਿਹਾ, ਜਿਸ ਤੋਂ ਬਾਅਦ ਉਹ ਮਾਊਂਟ ਐਵਰੈਸਟ ਬੇਸ ਕੈਂਪ ਨਿਪਾਲ ਵਿਖੇ 5364 ਮੀਟਰ ਦੀ ਉਚਾਈ ’ਤੇ ਪਹੁੰਚੇ ਅਤੇ ਕੇਸਰੀ ਝੰਡਾ ਲਹਿਰਾਇਆ। ਉਨ੍ਹਾਂ ਦੱਸਿਆ ਕਿ 65 ਕਿਲੋਮੀਟਰ ਦਾ ਇਕ ਪਾਸੇ ਦਾ ਸਫ਼ਰ ਬਹੁਤ ਹੀ ਕੁਦਰਤ ਨਾਲ ਭਰਪੂਰ ਸੀ, ਜਿਸ ਦੌਰਾਨ ਤਾਪਮਾਨ ਅਤੇ ਆਕਸੀਜਨ ਦੀਆਂ ਮੁਸ਼ਕਿਲਾਂ ਵੀ ਪੇਸ਼ ਆਈਆਂ ਪ੍ਰੰਤੂ ਉਹ ਲਗਾਤਾਰ ਸਫ਼ਰ ਜਾਰੀ ਰੱਖਿਆ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਗੁਰਚਰਨ ਸਿੰਘ ਦਾ ਦੋਹਤਾ ਤੇਗਵੀਰ ਸਿੰਘ ਪੁੱਤਰ ਹਰ ਸੁਖਿੰਦਰ ਸਿੰਘ ਬਾਸੀ ਰੂਪ ਨਗਰ ਪਹਿਲਾਂ ਹੀ ਪਰਬਤ ਰੋਹੀ ਵਜੋਂ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਚੁੱਕਾ ਹੈ।