ਵਿਆਹ 'ਤੇ ਕੈਟਰਿੰਗ ਲਈ ਜਾ ਰਿਹਾ ਟੈਂਪੂ ਪਲਟਿਆ, ਇਕ ਦੀ ਮੌਤ

ਬਟਾਲਾ, 20 ਅਪ੍ਰੈਲ (ਸਤਿੰਦਰ ਸਿੰਘ) - ਵਿਆਹ ਦੀ ਕੈਟਰਿੰਗ ਲਈ ਜਾ ਰਿਹਾ ਟੈਂਪੂ ਬਟਾਲਾ ਦੇ ਕੰਡਿਆਲ ਨਜ਼ਦੀਕ ਪਲਟ ਗਿਆ, ਜਿਸ ਵਿਚ ਇਕ ਦੀ ਮੌਤ ਅਤੇ ਸੱਤ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕ੍ਰਿਸਟਲ ਫਾਰਮ ਵਿਖੇ ਵਿਆਹ ਸਮਾਗਮ 'ਤੇ ਜਾ ਰਹੇ ਟੈਂਪੂ ਦਾ ਸਟੇਰਿੰਗ ਫਰੀ ਹੋ ਜਾਣ ਕਾਰਨ ਟੈਂਪੂ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਇਸ ਦੌਰਾਨ ਡਰਾਈਵਰ ਸੀਟ ਦੇ ਨਾਲ ਬੈਠੇ ਗੋਪਾਲ ਪੁੱਤਰ ਯਸ਼ਪਾਲ ਵਾਸੀ ਯੂਪੀ ਹਾਲ ਵਾਸੀ ਅੰਮ੍ਰਿਤਸਰ ਦਾ ਸਿਰ ਜ਼ਮੀਨ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਥਾਣਾ ਸਿਵਲ ਲਾਈਨ ਦੇ ਈਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਟੈਂਪੂ ਦਾ ਡਰਾਈਵਰ ਪੱਟੀ ਕਰਾਉਣ ਦੇ ਬਹਾਨੇ ਕਿਧਰੇ ਚਲਾ ਗਿਆ ਹੈ। ਟੈਂਪੂ ਦੇ ਪਿੱਛੇ ਬੈਠੇ ਸੱਤ ਲੋਕਾਂ ਨੂੰ ਵੀ ਮਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕ ਦੇਹ ਨੂੰ ਸਿਵਿਲ ਹਸਪਤਾਲ ਪੋਸਟਮਾਰਟਮ ਲਈ ਜਮਾ ਕਰਵਾ ਦਿੱਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।