JALANDHAR WEATHER

ਬਨਵਾਲਾ ਅਨੂੰਕਾ: ਪ੍ਰਸ਼ਾਸਨ ਨੇ ਕਬਜ਼ਾ ਕਾਰਵਾਈ ਲੈ ਕੇ ‘ਖੇਤ’ ਅਤੇ ‘ਖੇਡ’ ਰਕਬੇ ਵਿਚਕਾਰਲਾ ‘ਫ਼ਰਕ’ ਮਿਟਾਇਆ

ਮੰਡੀ ਕਿੱਲਿਆਂਵਾਲੀ, 11 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)- ਲੰਬੀ ਸਬ-ਡਵੀਜ਼ਨ ਦੇ ਪੁਲਿਸ-ਸਿਵਲ ਪ੍ਰਸ਼ਾਸਨ ਨੇ ਪਿੰਡ ਬਨਵਾਲਾ ਅਨੂੰਕਾ ’ਚ 134 ਦਿਨਾਂ ਦੀ ਜਥੇਬੰਦਕ ਸੰਘਰਸ਼, ਕਾਨੂੰਨੀ ਚਾਰਾਜੋਈ ਤੇ ਪ੍ਰਸ਼ਾਸਨਿਕ ਕਸ਼ਮਕਸ਼ ਮਗਰੋਂ ਅੱਜ ‘ਖੇਤ ਅਤੇ ‘ਖੇਡ’ ਰਕਬੇ’ ਵਿਚਕਾਰਲਾ ਫ਼ਰਕ ਮਿਟਾ ਦਿੱਤਾ। ਵੱਡੇ ਸਰਕਾਰੀ ਲਾਮ-ਲਸ਼ਕਰ ਨੇ ਅੱਜ ਸਵੇਰੇ ਧਰਨਾਕਾਰੀ 10-12 ਕਿਸਾਨਾਂ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਵਿਵਾਦਤ 4 ਕਨਾਲ 11 ਮਰਲੇ ਰਕਬੇ ਦਾ ਕਬਜ਼ਾ ਲੈ ਲਿਆ। ਕਬਜ਼ਾ ਕਾਰਵਾਈ ਤਹਿਤ ਪੁਲਿਸ ਤੇ ਪ੍ਰਸ਼ਾਸਨ ਦੀ ਅਚਨਚੇਤੀ ਕਾਰਵਾਈ ਵਿਚ ਧਰਨਕਾਰੀ ਕਿਸਾਨਾਂ ਹਿੰਦ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਬਨਵਾਲਾ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਖਜਾਨਚੀ ਨਗਿੰਦਰ ਸਿੰਘ, ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਡਾ. ਮਹਿਤਾ ਸਿੰਘ ਅਤੇ ਹੋਰਨਾਂ ਨੂੰ ਹਿਰਾਸਤ ਵਿਚ ਲੈ ਲਿਆ। ਹਿਰਾਸਤੀ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਕਾਫ਼ੀ ਨਾਅਰੇਬਾਜ਼ੀ ਕੀਤੀ। ਹਾਲਾਂਕਿ ਖੇਤ ਰਕਬੇ ਉੱਪਰ ਦਹਾਕਿਆਂ ਤੋਂ ਕਾਬਜ਼ ਕਿਸਾਨ ਧਿਰ ਸਮੁੱਚੀ ਕਾਰਵਾਈ ਨੂੰ ਬਨਵਾਲਾ ਅਨੂੰਕਾ ਵਿਚ ਪੰਚਾਇਤੀ ਚੋਣਾਂ ’ਚ ਸਤਾ ਪੱਖੀ ਹਾਰ ਦੀ ‘ਸਿਆਸੀ ਬਦਲਾਖ਼ੋਰੀ’ ਦੱਸ ਰਿਹਾ ਹੈ। ਕਈ ਕਿਸਾਨ ਜਥੇਬੰਦੀਆਂ ਨੇ ਇਸ ਕਬਜ਼ਾ ਕਾਰਵਾਈ ਅਤੇ ਕਿਸਾਨਾਂ ਦੀ ਗਿ੍ਰਫ਼ਤਾਰੀ ਦੇ ਖਿਲਾਫ਼ ਲੰਬੀ ਥਾਣੇ ਅੱਗੇ ਸੰਕੇਤਕ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਕਈ ਕਿਸਾਨ ਮੌਜੂਦ ਹਨ। ਸੁਖਪਾਲ ਲੰਬੀ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਬਨਵਾਲਾ ਅਨੂੰਕਾ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਗਿ੍ਰਫ਼ਤਾਰ ਕਰਕੇ ਜ਼ਬਰੀ ਕਬਜ਼ਾ ਲਿਆ ਗਿਆ ਹੈ। ਲੰਬੀ ਦੇ ਡੀ.ਐਸ.ਪੀ. ਜਸਪਾਲ ਸਿੰਘ ਨੇ ਕਿਹਾ ਕਿ ਕਬਜ਼ਾ ਕਾਰਵਾਈ ਮੌਕੇ ਧਰਨਾਕਾਰੀ ਕਿਸਾਨਾਂ ਨੂੰ ਐਹਤਿਆਤ ਵਜੋਂ ਵਕਤੀ ਹਿਰਾਸਤ ’ਚ ਲਿਆ ਗਿਆ। ਲੰਬੀ ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ ਨੇ ਕਿਹਾ ਕਿ ਬਨਵਾਲਾ ਅਨੂੰਕਾ ਵਿਖੇ ਸ਼ਾਂਤਮਈ ਢੰਗ ਨਾਲ ਜ਼ਮੀਨ ਦੀ ਪੈਮਾਇਸ਼ ਕਰਵਾ ਕੇ ਕਬਜ਼ਾ ਲੈ ਲਿਆ ਗਿਆ ਹੈ ਅਤੇ ਜ਼ਮੀਨ ਪੰਚਾਇਤ ਦੇ ਹਵਾਲੇ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 134 ਦਿਨਾਂ ਤੋਂ ਕਾਬਜ਼ ਕਿਸਾਨ ਧਿਰ ਅਤੇ ਕਿਸਾਨ ਜਥੇਬੰਦੀਆਂ ਨੇ ਵਿਵਾਦਤ ਰਕਬੇ ਕੋਲ ਪੱਕਾ ਧਰਨਾ ਲਗਾਇਆ ਹੋਇਆ ਸੀ। ਇਸ ਤੋਂ ਪਹਿਲਾਂ ਸਿਵਲ-ਪੁਲਿਸ ਪ੍ਰਸ਼ਾਸਨ ਬੀਤੀ 20 ਫਰਵਰੀ ਨੂੰ ਨਿਸ਼ਾਨਦੇਹੀ ਪੁੱਜਿਆ ਸੀ, ਉਦੋਂ ‘ਸਰਕਾਰੀ’ ਇੱਟਾਂ-ਵੱਟਿਆਂ ਦੇ ਢੇਰ ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ‘ਕੰਧ’ ਬਣ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ