ਫਾਰਚੂਨਰ ਗੱਡੀ ਪਲਟਣ ਕਾਰਨ 2 ਨੌਜਵਾਨਾਂ ਦੀ ਮੌਤ

ਮਾਨਸਾ, 18 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ ਤੋਂ 3 ਕਿੱਲੋਮੀਟਰ ਦੂਰ ਪਿੰਡ ਚਕੇਰੀਆਂ ਕੋਲ ਬੀਤੀ ਸ਼ਾਮ ਫਾਰਚੂਨਰ ਗੱਡੀ ਪਲਟਣ ਕਾਰਨ 2 ਨੌਜਵਾਨਾਂ ਦੀ ਮੌਤ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਮਾਨਸ਼ਾਹੀਆ (27) ਪੁੱਤਰ ਪਰਮਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਪਿੰਡ ਨੂੰ ਜਾ ਰਿਹਾ ਸੀ। ਅਚਾਨਕ ਹੀ ਗੱਡੀ ਅੱਗੇ ਕੁੱਤਾ ਆ ਗਿਆ, ਨੂੰ ਬਚਾਉਂਦਿਆਂ ਕਾਰ ਦਾ ਸੰਤੁਲਨ ਵਿਗੜਨ ਕਰਕੇ ਪਲਟ ਗਈ। ਮੌਕੇ ’ਤੇ ਗਗਨਦੀਪ ਅਤੇ ਮਾਸੀ ਦੇ ਪੁੱਤਰ ਅਮਨ ਧੂਰੀ (26) ਦੀ ਮੌਤ ਹੋ ਗਈ। ਹਰਮਨ ਸਿੰਘ ਤੇ ਲਵਜੀਤ ਸਿੰਘ ਵਾਸੀ ਚਕੇਰੀਆਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਦੱਸਣਯੋਗ ਹੈ ਕਿ ਅਮਰੀਕਾ ਵਿਖੇ ਰਹਿ ਰਿਹਾ ਗਗਨਦੀਪ ਸਿੰਘ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਅਗਲੇ ਦਿਨਾਂ ’ਚ ਉਸ ਨੇ ਵਾਪਸ ਜਾਣਾ ਸੀ।