ਖੁਫ਼ੀਆ ਕਾਰਵਾਈਆਂ ਵਿਚ ਪੰਜਾਬ ਪੁਲਿਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫ਼ਾਸ਼

ਚੰਡੀਗੜ੍ਹ, 19 ਅਪ੍ਰੈਲ- ਪੰਜਾਬ ਪੁਲਿਸ ਨੇ ਦੋ ਖੁਫ਼ੀਆ ਕਾਰਵਾਈਆਂ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੁਆਰਾ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਆਈ.ਐਸ.ਆਈ.-ਸਮਰਥਿਤ ਅੱਤਵਾਦੀ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ, ਜਲੰਧਰ ਸੀ.ਆਈ.ਏ. ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਤਿੰਦਰ ਉਰਫ਼ ਹਨੀ, ਜਗਜੀਤ ਉਰਫ ਜੱਗਾ (ਕਪੂਰਥਲਾ), ਹਰਪ੍ਰੀਤ ਅਤੇ ਜਗਰੂਪ (ਹੁਸ਼ਿਆਰਪੁਰ) ਵਜੋਂ ਹੋਈ ਹੈ। ਮੁਲਜ਼ਮਾਂ ਵਿਰੁੱਧ ਯੂ.ਏ.ਪੀ.ਏ. ਅਤੇ ਵਿਸਫੋਟਕ ਐਕਟ ਤਹਿਤ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਦੂਜੇ ਮਾਮਲੇ ਵਿਚ, ਮਾਸਟਰਮਾਈਂਡ ਸਤਨਾਮ ਸਿੰਘ ਉਰਫ਼ ਸੱਤਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 2 ਆਰ.ਪੀ.ਜੀ. (ਇਕ ਲਾਂਚਰ ਸਮੇਤ), 2 ਆਈ.ਈ.ਡੀ. (2.5 ਕਿਲੋਗ੍ਰਾਮ ਹਰੇਕ), ਡੈਟੋਨੇਟਰਾਂ ਵਾਲੇ 2 ਹੈਂਡ ਗ੍ਰਨੇਡ, ਰਿਮੋਟ ਕੰਟਰੋਲ ਵਾਲਾ 2 ਕਿਲੋ ਆਰ.ਡੀ.ਐਕਸ., 5 ਪਿਸਤੌਲ (ਬੇਰੇਟਾ ਅਤੇ ਗਲੌਕ), 6 ਮੈਗਜ਼ੀਨ, 44 ਜ਼ਿੰਦਾ ਕਾਰਤੂਸ, 1 ਵਾਇਰਲੈੱਸ ਸੈੱਟ ਅਤੇ 3 ਵਾਹਨ ਬਰਾਮਦ ਕੀਤੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ, ਮੁਲਜ਼ਮਾਂ ਦੇ ਫਰਾਂਸ ਸਥਿਤ ਬੀ.ਕੇ.ਆਈ. ਨਾਲ ਸੰਬੰਧ ਸਾਹਮਣੇ ਆਏ ਹਨ। ਇਕ ਹੋਰ ਮਾਮਲੇ ਵਿਚ, ਇਕ ਨਾਬਾਲਗ ਸਮੇਤ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨੂੰ ਜਸਵਿੰਦਰ ਮੰਨੂ ਅਗਵਾਨ (ਗੁਰਦਾਸਪੁਰ, ਯੂਨਾਨ ਵਿੱਚ ਸਥਿਤ) ਦੁਆਰਾ ਚਲਾਇਆ ਜਾ ਰਿਹਾ ਹੈ ਜੋ ਪਾਕਿਸਤਾਨ ਸਥਿਤ ਹਰਵਿੰਦਰ ਰਿੰਦਾ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿਚ, ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 1 ਆਰ.ਪੀ.ਜੀ. ਲਾਂਚਰ, 2 ਪਿਸਤੌਲ (ਬੇਰੇਟਾ ਅਤੇ ਗਲੌਕ), 10 ਕਾਰਤੂਸ, 3 ਵਾਹਨ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਬਟਾਲਾ ਵਿਚ ਯੂ.ਏ.ਪੀ.ਏ. ਅਤੇ ਵਿਸਫੋਟਕ ਐਕਟ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਪੰਜਾਬ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਅੱਤਵਾਦੀ ਨੈੱਟਵਰਕ ਲਈ ਇਕ ਵੱਡਾ ਝਟਕਾ ਹੈ।