ਵਾਹਗਾ ਬਾਰਡਰ ਸਥਿਤ ਭਾਰਤੀ ਜਥੇ ਦੀਆਂ ਲੱਗੀਆਂ ਲੰਮੀਆਂ ਕਤਾਰਾਂ, 3 ਯਾਤਰੀਆਂ ਦੀ ਵਿਗੜੀ ਸਿਹਤ

ਅਟਾਰੀ (ਅੰਮ੍ਰਿਤਸਰ), 19 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਵਿਚ ਵਿਸਾਖੀ ਦਾ ਦਿਹਾੜਾ ਮਨਾਉਣ ਗਏ ਭਾਰਤੀ ਯਾਤਰੀਆਂ ਨੂੰ ਪਾਕਿਸਤਾਨ ਦੇ ਵਾਹਗਾ ਬਾਰਡਰ ਸਥਿਤ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਪਹੁੰਚੇ ਯਾਤਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਮੀਗ੍ਰੇਸ਼ਨ ਅਤੇ ਕਸਟਮ ਕਰਵਾਉਣ ਲਈ ਭਾਰਤੀ ਯਾਤਰੀਆਂ ਨੂੰ ਧੁੱਪ ਅਤੇ ਗਰਮੀ ਵਿਚ ਲੰਮਾ ਸਮਾਂ ਖੜ੍ਹੇ ਰਹਿਣਾ ਪੈ ਰਿਹਾ ਹੈ, ਜਿਸ ਕਾਰਨ ਬਜ਼ੁਰਗਾਂ ਦੀ ਤਬੀਅਤ ਵਿਗੜ ਰਹੀ ਹੈ। ਸੁਖਰਾਜ ਕੌਰ ਪਤਨੀ ਦਿਆਲ ਸਿੰਘ ਵਾਸੀ ਬਠਿੰਡਾ ਨੂੰ ਘਬਰਾਹਟ ਹੋਈ ਅਤੇ ਮੀਤੋ ਪਤਨੀ ਬਸ਼ੀਰ ਵਾਸੀ ਫਿਰੋਜ਼ਪੁਰ ਨੂੰ ਚੱਕਰ ਆਉਣ ਲੱਗ ਪਏ। ਜਗਦੇਵ ਸਿੰਘ ਕੋਟਕਪੂਰਾ ਵੀ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਦੀ ਸਿਹਤ ਵਿਚ ਸੁਧਾਰ ਆਇਆ। ਡਾ. ਨਿਮਰਤਪ੍ਰੀਤ ਸਿੰਘ ਅਤੇ ਡਾ. ਤਨਵੀਰ ਕੌਰ ਦੀ ਟੀਮ ਯਾਤਰੀਆਂ ਦਾ ਇਲਾਜ ਕਰ ਰਹੀ ਹੈ। ਯਾਤਰੀਆਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਗਾ ਬਾਰਡਰ ਉਤੇ ਕਸਟਮ ਅਤੇ ਇਮੀਗ੍ਰੇਸ਼ਨ ਸਟਾਫ ਵੱਡੀ ਗਿਣਤੀ ਵਿਚ ਤਾਇਨਾਤ ਕਰਨ ਤਾਂ ਜੋ ਯਾਤਰੀ ਜਲਦੀ ਆਪਣੇ ਵਤਨ ਪਰਤ ਸਕਣ।