ਪਾਕਿਸਤਾਨ ਵਾਹਘਾ ਸਰਹੱਦ ’ਤੇ ਦੇਰ ਰਾਤ ਭਾਰਤੀ ਸ਼ਰਧਾਲੂ ਹੋਏ ਖੱਜਲ ਖੁਆਰ

ਅਟਾਰੀ, (ਅੰਮ੍ਰਿਤਸਰ), 11 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਬੀਤੇ ਕੱਲ੍ਹ ਭਾਰਤ ਤੋਂ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਦਾ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਪਹੁੰਚਣ ’ਤੇ ਦੇਰ ਰਾਤ ਕਰੀਬ 12 ਵਜੇ ਤੋਂ ਵੱਧ ਸਮੇਂ ਤੱਕ ਉਡੀਕ ਕਰਨ ਦੇ ਕਾਰਨ ਭਾਰਤੀ 68 ਸ਼ਰਧਾਲੂ ਡਾਢੇ ਪਰੇਸ਼ਾਨ ਤੇ ਖੱਜਲ ਖੁਆਰ ਹੋਣ ਬਾਰੇ ਸੂਚਨਾ ਤੇ ਫੋਟੋਆਂ ਮਿਲੀਆਂ ਹਨ। ਸੂਚਨਾ ਅਨੁਸਾਰ ਭਾਰਤੀ ਸਿੱਖ ਸ਼ਰਧਾਲੂ, ਜੋ ਰਾਤ ਪਰੇਸ਼ਾਨ ਹੋਏ ਹਨ, ਉਹ ਟਰਾਂਸਪੋਰਟ ਅਤੇ ਲੰਗਰ ਤੋਂ ਵੀ ਵਾਂਝੇ ਰਹਿ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ ਕਈ ਘੰਟੇ ਪਾਕਿਸਤਾਨ ਦੀ ਵਾਹਘਾ ਸਰੱਹਦ ’ਤੇ ਹੀ ਰਾਤ ਰੁਕਣਾ ਪਿਆ। ਇਸੇ ਤਰ੍ਹਾਂ ਪਾਕਿਸਤਾਨ ਗਏ 5796 ਭਾਰਤੀ ਸਿੱਖ ਸ਼ਰਧਾਲੂਆਂ ਵਿਚ ਪਾਕਿਸਤਾਨ ਇਮੀਗ੍ਰੇਸ਼ਨ ਵਾਲੇ ਪਾਸੇ 8 ਭਾਰਤੀ ਯਾਤਰੂਆਂ ਦੀ ਇਮੀਗ੍ਰੇਸ਼ਨ ਨਾ ਹੋਣ ਕਾਰਨ ਉਕਤ ਭਾਰਤੀ ਸ਼ਰਧਾਲੂ ਬਿਨਾਂ ਇਮੀਗ੍ਰੇਸ਼ਨ ਕਸਟਮ ਕਰਵਾਏ ਹੀ ਪਾਕਿਸਤਾਨ ਗੁਰਧਾਮਾਂ ਲਈ ਵਾਹਗਾ ਸਰਹੱਦ ਤੋਂ ਰਵਾਨਾ ਹੋ ਗਏ, ਜਿਸ ਕਾਰਨ ਪਾਕਿਸਤਾਨ ਇਮੀਗ੍ਰੇਸ਼ਨ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।