ਲੰਡਨ ਦੇ 'ਸੀਨਜ਼ ਇਨ ਦ ਸਕੁਏਅਰ' 'ਚ ਲੱਗੇਗਾ ਸ਼ਾਹਰੁਖ-ਕਾਜੋਲ ਦਾ ਬੁੱਤ

ਮੁੰਬਈ , 9 ਅਪ੍ਰੈਲ - ਸਾਲ 1995 ਵਿਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਇਕ ਨਵਾਂ ਮੀਲ ਪੱਥਰ ਹਾਸਿਲ ਕੀਤਾ ਹੈ। ਇਸ ਦੇ ਥੀਏਟਰ ਵਿਚ ਰਿਲੀਜ਼ ਹੋਣ ਤੋਂ ਤੀਹ ਸਾਲ ਬਾਅਦ, ਲੰਡਨ ਦੇ ਲੈਸਟਰ ਸਕੁਏਅਰ ਵਿਚ ਇਸ ਦਾ ਇਕ ਕਾਂਸੀ ਦਾ ਬੁੱਤ ਲਗਾਇਆ ਜਾਵੇਗਾ। ਇਸ ਦੇ ਨਾਲ, ਇਹ ਫਿਲਮ ਇਹ ਉਪਲਬਧੀ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ 'ਬਾਲੀਵੁੱਡ ਦੀਆਂ ਸਭ ਤੋਂ ਸਫਲ ਅਤੇ ਮਹੱਤਵਪੂਰਨ ਫਿਲਮਾਂ ਵਿਚੋਂ ਇਕ ਹੈ। ਯਸ਼ ਰਾਜ ਫਿਲਮਜ਼ ਅਨੁਸਾਰ, ਬੁੱਤ ਨੂੰ ਰਣਨੀਤਕ ਤੌਰ 'ਤੇ ਓਡੀਓਨ ਸਿਨੇਮਾ ਦੇ ਬਾਹਰ ਪੂਰਬੀ ਛੱਤ ਦੇ ਨਾਲ ਰੱਖਿਆ ਜਾਵੇਗਾ। ਇਸ ਸਥਾਨ ਨੂੰ ਪ੍ਰਤੀਕਾਤਮਕ ਦ੍ਰਿਸ਼ ਦਾ ਸਨਮਾਨ ਕਰਨ ਲਈ ਧਿਆਨ ਨਾਲ ਚੁਣਿਆ ਗਿਆ ਹੈ।