ਸਾਬਕਾ ਰਾਅ ਮੁਖੀ ਨੇ ਫਾਰੂਕ ਅਬਦੁੱਲਾ ਬਾਰੇ ਛਪੀਆਂ ਖ਼ਬਰਾਂ ਨੂੰ ਗ਼ਲਤ ਦੱਸਿਆ

ਨਵੀਂ ਦਿੱਲੀ , 17 ਅਪ੍ਰੈਲ - ਰਾਅ ਦੇ ਸਾਬਕਾ ਮੁਖੀ ਏ. ਐਸ. ਦੁੱਲਤ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਨਿੱਜੀ ਤੌਰ ’ਤੇ ਸੁਝਾਅ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਭਰੋਸੇ ਵਿਚ ਲਿਆ ਜਾਂਦਾ ਤਾਂ ਉਹ 2019 ਵਿਚ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਵਿਚ ਮਦਦ ਕਰਦੇ। ਖ਼ੁਫ਼ੀਆ ਏਜੰਸੀ ਰਿਸਰਚ ਐਂਡ ਐਨਾਲਾਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਨੇ ਕਿਹਾ ਕਿ ਨਾ ਤਾਂ ਨੈਸ਼ਨਲ ਕਾਨਫਰੰਸ (ਐਨ.ਸੀ.) ਦੇ ਮੁਖੀ ਨੇ ਕਦੇ ਅਜਿਹਾ ਕਿਹਾ ਹੈ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਕਿਤਾਬ ਵਿਚ ਇਹ ਕਿਹਾ ਹੈ। ਇਹ ਵਿਵਾਦ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ‘ਦਿ ਚੀਫ ਮਨਿਸਟਰ ਐਂਡ ਦਿ ਸਪਾਈ’ ਸਿਰਲੇਖ ਵਾਲੀ ਦੁਲਤ ਦੀ ਨਵੀਂ ਕਿਤਾਬ ਤੋਂ ਪੈਦਾ ਹੋਇਆ ਹੈ। ਰਾਅ ਦੇ ਸਾਬਕਾ ਮੁਖੀ ਨੇ ਕਿਹਾ, ‘ਕੀ ਉਸ ਨੇ ਕਦੇ ਅਜਿਹਾ ਕਿਹਾ ਹੈ ? ਕੀ ਮੈਂ ਕਦੇ ਇਹ ਕਿਹਾ ਹੈ ? ਇਹ ਬਿਲਕੁਲ ਬਕਵਾਸ ਹੈ।’ ਇਹ ਟਿੱਪਣੀ ਦੁੱਲਤ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕੀਤੀ।