17-04-2025
ਸਮੇਂ ਦੀ ਕਦਰ
ਪੰਜਾਬ ਦੀ ਆਵਾਜ਼ ਅਜੀਤ ਵਿਚ ਲੇਖਕ ਦੁਆਰਾ ਲਿਖਤ 'ਵਕਤ ਦੀ ਦਸਤਕ ਦਾ ਅਹਿਸਾਸ' ਵਿਚ ਸਮੇਂ ਨੂੰ ਬਹੁਤ ਹੀ ਵਧੀਆ ਸ਼ਬਦਾਂ ਵਿਚ ਵਰਣਿਤ ਕੀਤਾ ਗਿਆ ਹੈ। ਸਮਾਂ ਸਭ ਨੂੰ ਚਾਹੇ ਕੋਈ ਅਮੀਰ ਹੈ ਜਾਂ ਗਰੀਬ, ਦਿਨ-ਰਾਤ 'ਚ ਚੌਵੀ ਘੰਟੇ ਹੀ ਮਿਲਦਾ ਹੈ। ਪਰ ਅਸੀਂ ਬਹੁਤੇ ਇਸ ਮਿਲੇ ਸਮੇਂ ਨੂੰ ਨਿਯਮਾਂ ਅਨੁਸਾਰ ਨਹੀਂ ਵਰਤਦੇ। ਅਕਸਰ ਅਸੀਂ ਕਿਸੇ ਨੂੰ ਮਿਲਣ ਜਾਣ ਦਾ ਸਮਾਂ ਨਿਸਚਿਤ ਕਰਕੇ ਪੰਜ ਜਾਂ ਦਸ ਮਿੰਟ ਲੇਟ ਹੀ ਪਹੁੰਚਦੇ ਹਾਂ। ਸਮਝਿਆ ਜਾਂਦਾ ਹੈ ਕਿ ਪੰਜ ਦਸ ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ। ਕਈ ਵਾਰ ਤਾਂ ਅਸੀਂ ਕਿਸੇ ਨੂੰ ਨਿਸਚਿਤ ਸਮਾਂ ਦੇ ਕੇ 'ਬਸ ਪੰਜ ਮਿੰਟ 'ਚ ਪਹੁੰਚਦਾ, ਰਸਤੇ 'ਚ ਈ ਆਂ' ਵਾਲੀ ਲਾਈਨ ਅਕਸਰ ਬੋਲਦੇ ਹਾਂ ।ਜਦੋਂ ਕਿ ਅਸੀਂ ਘਰੋਂ ਤੁਰੇ ਵੀ ਨਹੀਂ ਹੁੰਦੇ। ਫਿਰ ਇਹੀ ਪੰਜ ਮਿੰਟ, ਅੱਧਾ ਘੰਟਾ ਜਾਂ ਘੰਟਾ ਬਣ ਜਾਂਦਾ ਹੈ ਅਤੇ ਸਾਹਮਣੇ ਵਾਲੇ ਦੇ ਮਨ ਵਿਚ ਤੁਹਾਡੀ ਉੱਕਾ ਹੀ ਕਦਰ ਨਹੀਂ ਰਹਿੰਦੀ। ਕਈ ਵਾਰ ਅਸੀਂ ਕਿਸੇ ਫੰਕਸ਼ਨ ਉੱਪਰ ਇਕ ਨਿਸਚਿਤ ਸਮੇਂ 'ਤੇ ਪਹੁੰਚਣਾ ਹੁੰਦਾ ਹੈ। ਟਾਲ ਮਟੌਲ ਅਤੇ ਢਿੱਲ ਮੱਠ ਦੀ ਨੀਤੀ ਕਾਰਨ ਅਸੀਂ ਕੁਝ ਸਮਾਂ ਪਹਿਲਾਂ ਹੀ ਆਪਣਾ ਵਹੀਕਲ ਸਟਾਰਟ ਕਰਦੇ ਹਾਂ। ਓਵਰਸਪੀਡ ਵਾਹਨ ਚਲਾਉਂਦੇ ਹੋਏ, ਜਲਦਬਾਜ਼ੀ ਵਿਚ ਠੀਕ ਗਲਤ ਓਵਰਟੇਕ ਕਰਦੇ ਹੋਏ, ਆਪਣੀ ਜਾਨ ਤਾਂ ਖ਼ਤਰੇ ਵਿਚ ਪਾਉਂਦੇ ਹੀ ਹਾਂ ਸਗੋਂ ਦੂਸਰੇ ਲਈ ਵੀ ਮੁਸੀਬਤ ਖੜ੍ਹੀ ਕਰਦੇ ਹਾਂ। ਦੂਰੀ ਅਤੇ ਸਮੇਂ ਨੂੰ ਧਿਆਨ 'ਚ ਰੱਖ ਕੇ ਜੇਕਰ ਅਸੀਂ ਪੰਜ ਦਸ ਮਿੰਟ ਪਹਿਲਾਂ ਘਰੋਂ ਚੱਲ ਪਈਏ ਤਾਂ ਬੜੇ ਆਰਾਮ ਨਾਲ ਨਿਸਚਿਤ ਸਮੇਂ 'ਤੇ ਆਪਣੀ ਮੰਜ਼ਿਲ ਉੱਪਰ ਪਹੁੰਚ ਜਾਂਦੇ ਹਾਂ। ਅਸਲ 'ਚ ਸਭ ਕੁਝ ਸਮੇਂ ਦੀ ਕਦਰ ਨਾਲ ਹੀ ਸੰਭਵ ਹੈ।
-ਮਾਸਟਰ ਸਰਤਾਜ ਸਿੰਘ
ਪਿੰਡ ਘੁੰਗਰਾਲੀ ਰਾਜਪੂਤਾਂ।
ਤਪਣ ਲੱਗਿਆ ਪੰਜਾਬ
ਵਾਤਾਵਰਨ ਵਿਚ ਦਿਨੋ-ਦਿਨ ਪੈਦਾ ਹੋ ਰਹੇ ਵਿਗਾੜ ਦਾ ਹੀ ਨਤੀਜਾ ਹੈ ਕਿ ਹੁਣ ਮੌਸਮ ਬਾਰੇ ਭਵਿੱਖਬਾਣੀ ਕਰਨੀ ਮੁਸ਼ਕਿਲ ਹੋ ਰਹੀ ਹੈ। ਕੁਝ ਥਾਵਾਂ 'ਤੇ ਧੁੱਪ, ਕਿਤੇ ਬਿਜਲੀ ਦਾ ਲਿਸ਼ਕਣਾ, ਕਿਤੇ ਵਰਖਾ ਅਤੇ ਕਿਤੇ ਸੋਕਾ ਮੌਸਮ ਦਾ ਵਿਗਾੜ ਹੈ। ਛੇ ਰੁੱਤਾਂ ਵਾਲੇ ਪੰਜਾਬ ਦੀ ਧਰਤੀ ਹੁਣ ਕੇਵਲ ਗਰਮੀ ਅਤੇ ਕੁਝ ਮਹੀਨੇ ਦੀ ਸਰਦੀ ਵਿਚ ਸਿਮਟ ਕੇ ਰਹਿ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਠੰਢ ਦੇ ਮਹੀਨਿਆਂ ਵਿਚ ਕਮੀ ਦਰਜ ਕੀਤੀ ਗਈ। ਹੁਣ ਮਾਰਚ ਵਿਚ ਪੰਜਾਬ ਦੇ ਕੁਝ ਥਾਵਾਂ 'ਤੇ ਤਾਪਮਾਨ 34 ਡਿਗਰੀ ਤੱਕ ਚਲਿਆ ਜਾਣਾ ਇਹ ਭਵਿੱਖਬਾਣੀ ਕਰਦਾ ਹੈ ਕਿ ਆਉਣ ਵਾਲੇ ਮਹੀਨੇ ਕਿੰਨੇ ਗਰਮ ਹੋ ਸਕਦੇ ਹਨ। ਹਰ ਸਾਲ ਪੈ ਰਹੀ ਗਰਮੀ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ। ਵਧ ਰਹੀ ਆਲਮੀ ਤਪਸ਼ ਨੇ ਮਨੁੱਖ ਦੇ ਨਾਲ-ਨਾਲ ਫਸਲਾਂ ਅਤੇ ਜੀਵ ਜੰਤੂਆਂ ਨੂੰ ਵੀ ਪ੍ਰਭਾਵਿਤ ਕਰਕੇ ਜੀਵ ਵਿਭਿੰਨਤਾ ਲਈ ਖ਼ਤਰੇ ਪੈਦਾ ਕੀਤੇ ਹਨ। ਮਾਰਚ ਵਿਚ ਹੀ ਦਿਨੋ-ਦਿਨ ਵਧ ਰਿਹਾ ਤਾਪਮਾਨ ਕਣਕ ਦੀ ਫ਼ਸਲ ਦੇ ਝਾੜ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਾਤਾਵਰਨ ਵਿਚ ਦਿਨੋ-ਦਿਨ ਆ ਰਹੀ ਤਬਦੀਲੀ ਧਰਤੀ ਤੇ ਜੀਵਨ ਦੀ ਹੋਂਦ ਨੂੰ ਬਣਾਈ ਰੱਖਣ ਲਈ ਖ਼ਤਰਿਆਂ ਭਰਪੂਰ ਹੈ। ਪਾਣੀ ਦੇ ਸੋਮਿਆਂ ਦਾ ਪਲੀਤ ਹੋਣਾ, ਧਰਤੀ ਹੇਠਲੇ ਪਾਣੀ ਦਾ ਦਿਨੋ-ਦਿਨ ਡੂੰਘਾ ਹੋਣਾ, ਰੁੱਖਾਂ ਦੀ ਕਟਾਈ ਅਤੇ ਜੰਗਲਾਂ ਨੂੰ ਪੈ ਰਹੀ ਅੱਗ, ਭੂ-ਖੋਰ ਅਤੇ ਗਲੇਸ਼ੀਅਰਾਂ ਦਾ ਪਿਘਲਣਾ ਮਨੁੱਖ ਦੁਆਰਾ ਕੀਤੇ ਅਖ਼ੌਤੀ ਵਿਕਾਸ ਅਤੇ ਵਿਕਾਸ ਦੁਆਰਾ ਉਪਜੇ ਵਿਨਾਸ਼ ਦੀਆਂ ਨਿਸ਼ਾਨੀਆਂ ਹਨ। ਮਨੁੱਖ ਨੂੰ ਜਲਦ ਤੋਂ ਜਲਦ ਕੁਦਰਤ ਨਾਲ ਜੁੜਨਾ ਹੋਵੇਗਾ ਕਿਉਂਕਿ ਰਸਤਾ ਜਿੰਨਾ ਲੰਮਾ ਹੋਵੇਗਾ ਵਾਪਸੀ ਉਨੀ ਹੀ ਔਖੀ ਹੋਵੇਗੀ। ਰੁੱਖ ਵਾਤਾਵਰਨ ਦਾ ਹਿੱਸਾ ਹੀ ਨਹੀਂ ਧਰਤੀ ਦੇ ਫੇਫੜਿਆਂ ਦਾ ਵੀ ਕੰਮ ਕਰਦੇ ਹਨ। ਜਿਵੇਂ ਅਸੀਂ ਫੇਫੜਿਆਂ ਰਾਹੀਂ ਸਾਹ ਲੈਂਦੇ ਹਾਂ ਉਵੇਂ ਧਰਤੀ ਮਾਂ ਵੀ ਰੁੱਖਾਂ ਰਾਹੀਂ ਸਾਹ ਲੈਂਦੀ ਹੈ। ਹੁਣ ਜੇਕਰ ਰੁੱਖ ਨਾ ਰਹੇ ਤਾਂ ਧਰਤੀ ਮਾਂ ਵੀ ਸੁਰੱਖਿਅਤ ਨਹੀਂ ਰਹੇਗੀ।
-ਰਜਵਿੰਦਰ ਪਾਲ ਸ਼ਰਮਾ
ਪਾਣੀ ਦੂਸ਼ਿਤ ਹੋਣਾ ਚਿੰਤਾਜਨਕ
ਸੰਪਾਦਕੀ 'ਧਰਤੀ ਹੇਠਲਾ ਪਾਣੀ ਦਾ ਪ੍ਰਦੂਸ਼ਣ ਖ਼ਤਰੇ ਦੀ ਘੰਟੀ' ਪੜ੍ਹਿਆ। ਪੰਜਾਬ ਦਾ ਪਲੀਤ ਹੁੰਦਾ ਪਾਣੀ ਚਿੰਤਾਜਨਕ ਵਿਸ਼ਾ ਹੈ। ਮਨੁੱਖੀ ਜੀਵਨ ਨੂੰ ਸਿਹਤਮੰਦ, ਰਿਸ਼ਟ ਪੁਸ਼ਟ ਰਹਿਣ ਲਈ ਸ਼ੁੱਧ ਪਾਣੀ ਦੀ ਲੋੜ ਹੈ। ਧਰਤੀ ਹੇਠਲੇ ਪੀਣ ਯੋਗ ਪਾਣੀ ਦਾ ਦੂਸ਼ਿਤ ਹੋਣਾ ਬੀਮਾਰੀਆਂ ਨੂੰ ਆਵਾਜ਼ ਮਾਰਨਾ ਹੈ। ਮਨੁੱਖ ਤੇ ਜੀਵ-ਜੰਤੂ, ਜਾਨਵਰਾਂ ਦੀ ਸਿਹਤ ਲਈ ਖ਼ਤਰੇ ਦੀ ਘੰਟੀ ਹੈ। ਚਿੰਤਾ ਵਾਲੀ ਹੋਰ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ 'ਚ ਜ਼ਮੀਨੀ ਪਾਣੀ ਨਾਲ ਕੈਂਸਰ ਦੀ ਬੀਮਾਰੀ ਵਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿਚ ਜੇ ਸੁਧਾਰ ਨਾ ਆਇਆ ਤਾਂ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਸ ਵਾਸਤੇ ਪੰਜਾਬ ਸਰਕਾਰ ਨੂੰ ਫ਼ਸਲ ਪੈਟਰਨ 'ਚ ਡੂੰਘਾ ਬਦਲਾਅ ਕਰਨ ਦੀ ਜ਼ਰੂਰਤ ਹੈ।
-ਗੁਰਮੀਤ ਸਿੰਘ ਵੇਰਕਾ