JALANDHAR WEATHER

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤ ਵੇਚੇ - ਢੀਂਡਸਾ

ਲਹਿਰਾਗਾਗਾ (ਸੰਗਰੂਰ), 25 ਅਪ੍ਰੈਲ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੋਰ-ਕਮੇਟੀ ਮੈਂਬਰ ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਵਲੋਂ ਭਾਜਪਾ 'ਚ ਚਲੇ ਜਾਣ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੋ ਜਿਹਾ ਬੀਜਿਆ, ਉਹੀ ਵੱਢਿਆ ਹੈ। ਭਗਵੰਤ ਮਾਨ ਨੇ ਕੇਜਰੀਵਾਲ ਮੂਹਰੇ ਗੋਡੇ ਟੇਕ ਦਿੱਤੇ ਸਨ। ਰਾਜ ਸਭਾ 'ਚ ਉਹ ਬੰਦੇ ਭੇਜੇ, ਜਿਨ੍ਹਾਂ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ। ਜਦੋਂ ਤੁਸੀਂ ਵਪਾਰੀ ਕਿਸਮ ਦੇ ਲੋਕਾਂ ਨੂੰ ਟਿਕਟਾਂ ਦਿਓਗੇ, ਤਾਂ ਉਹ ਆਪਣਾ ਮੁੱਲ ਵੱਟਣਗੇ ਹੀ। ਢੀਂਡਸਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਰਾਘਵ ਚੱਢਾ ਦੇ ਸੰਪਰਕ ਵਿਚ ਹੋਰ ਵਿਧਾਇਕ ਵੀ ਹੋਣ, ਜੋ ਆਪ ਛੱਡਕੇ ਭਾਜਪਾ 'ਚ ਜਾਣ ਲਈ ਤਿਆਰ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ 7 ਰਾਜ ਸਭਾ ਮੈਂਬਰ ਭਾਜਪਾ ਵਿਚ ਸ਼ਾਮਿਲ ਹੋਏ ਹਨ ਉਨ੍ਹਾਂ ਵਿਚੋਂ ਕੁਝ ਈਡੀ ਦੇ ਡਰ ਅਤੇ ਕੁਝ ਪਾਰਟੀ ਤੋਂ ਨਾਰਾਜ਼ ਹੋ ਕੇ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਹੁਣ ਰਾਸ਼ਟਰਪਤੀ ਤੋਂ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਰੀਕਾਲ ਕਰਨ ਲਈ ਜੋ ਸਮਾਂ ਮੰਗਿਆ ਹੈ ਉਹ ਇਕ ਡਰਾਮਾ ਹੈ। ਜਿਹੜੇ ਰਾਜ ਸਭਾ ਮੈਂਬਰ ਭਾਜਪਾ ਵਿਚ ਗਏ ਹਨ, ਉਹ ਕਾਨੂੰਨ ਮੁਤਾਬਕ ਹੀ ਗਏ ਹਨ। ਦੋ ਤਿਹਾਈ ਮੈਂਬਰ ਛੱਡ ਕੇ ਗਏ ਹਨ, ਜੋ ਆਪਣਾ ਨਵਾਂ ਦਲ ਬਣਾ ਸਕਦੇ ਹਨ। ਹੁਣ ਮੈਂ ਇਹ ਵੀ ਕਿਹਾ ਕਿ ਇਹ ਪਿਰਤ ਮਾੜੀ ਹੈ, ਪਰ ਗਲਤੀ 'ਆਪ' ਦੀ ਵੀ ਹੋਵੇਗੀ। ਢੀਂਡਸਾ ਨੇ ਕਿਹਾ ਕਿ ਇਨ੍ਹਾਂ ਲੱਛਣਾਂ ਕਾਰਨ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ। 2027 ਵਿਚ ਪੰਜਾਬ ਦੇ ਲੋਕ ਜ਼ਰੂਰ ਬਦਲਾ ਲੈਣਗੇ। ਪਰਮਿੰਦਰ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ'ਨਾਲ ਜੋ ਸਮਝੌਤਾ ਹੋਣਾ ਹੈ, ਉਹ ਲਗਭਗ ਤੈਅ ਹੋ ਚੁੱਕਾ ਹੈ। ਸਿਰਫ ਪੰਜਾਬ ਦੇ ਏਜੰਡੇ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵੀ ਸਮਝੌਤਾ ਸਿਰਫ ਇਸ ਗੱਲ 'ਤੇ ਹੋ ਸਕਦਾ ਹੈ ਕਿ ਉਹ ਅਕਾਲ ਤਖ਼ਤ ਉੱਪਰ ਜਾ ਕੇ 2 ਦਸੰਬਰ ਵਾਲਾ ਹੁਕਮਨਾਮਾ ਮੰਨ ਲੈਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ