ਪਨਸਪ ਦੇ ਗੁਦਾਮ ਚੋਂ ਲੱਖਾਂ ਰੁਪਏ ਦੀ ਕਣਕ ਚੋਰੀ
ਮਹਿਲ ਕਲਾਂ, 12 ਜਨਵਰੀ (ਅਵਤਾਰ ਸਿੰਘ ਅਣਖੀ) - ਲੁਧਿਆਣਾ- ਬਠਿੰਡਾ ਮੁੱਖ ਮਾਰਗ ਉਪਰ ਮਹਿਲ ਕਲਾਂ ਨੇੜੇ ਪਨਸਪ ਦੇ ਗੁਦਾਮਾਂ 'ਚ ਬੀਤੀ ਰਾਤ ਚੋਰ ਗਰੋਹ ਵਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਲੱਖਾਂ ਰੁਪਏ ਦੀ ਕਣਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਪਨਸਪ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਿਆ ਕਿ ਚੋਰ ਗੁਦਾਮਾਂ ਦੇ ਪਾਸਿਓ ਖੇਤਾਂ ਵੱਲ ਦੀਆਂ ਕੰਧਾਂ ਟੱਪ ਕੇ ਕਣਕ ਦੀਆਂ 300 ਦੇ ਕਰੀਬ ਬੋਰੀਆਂ ਕੈਂਟਰ 'ਚ ਲੱਦ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕਣਕ ਦੇ ਕੁਲ ਸਟਾਕ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿੰਨੀ ਮਾਤਰਾ 'ਚ ਕਣਕ ਚੋਰੀ ਹੋਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਐਸ. ਐਚ. ਓ. ਸਰਬਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਉਤੇ ਪਹੁੰਚ ਕੇ ਪਨਸਪ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਗੁਦਾਮ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਗੁਦਾਮ 'ਚ ਰਾਤ ਅਤੇ ਦਿਨ ਸਮੇਂ ਡਿਊਟੀ ਉਤੇ ਤਾਇਨਾਤ ਰਹਿਣ ਵਾਲੇ ਚੌਕੀਦਾਰਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਲੇ ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾਵੇਗੀ ਤਾਂ ਜੋ ਛੇਤੀ ਚੋਰ ਗਰੋਹ ਤੱਕ ਪਹੁੰਚਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਪਨਸਪ ਅਧਿਕਾਰੀਆਂ ਵੱਲੋਂ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਅਜੇ ਤੱਕ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚ ਸਕੀ।
;
;
;
;
;
;
;