ਪਿੰਡ ਘਰਿਆਲਾ 'ਚ ਕੋਠਾ ਭਾਰੀ ਮੀਂਹ ਕਾਰਨ ਡਿੱਗਿਆ

ਅਮਰਕੋਟ, 26 ਅਗਸਤ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਘਰਿਆਲਾ ਵਿਖੇ ਗਰੀਬ ਵਿਅਕਤੀ ਬਾਊ ਸਿੰਘ ਦਾ ਕੋਠਾ ਪੈ ਰਹੀ ਭਾਰੀ ਮੋਹਲੇਧਾਰ ਬਰਸਾਤ ਕਾਰਨ ਢਹਿ-ਢੇਰੀ ਹੋ ਗਿਆ। ਇਸ ਮੌਕੇ ਘਟਨਾ ਦਾ ਪਤਾ ਲੱਗਦਿਆਂ ਹੀ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਜਥੇਦਾਰ ਅੰਗਰੇਜ਼ ਸਿੰਘ ਨੇ ਪਹੁੰਚ ਕੇ ਗਰੀਬ ਵਿਅਕਤੀ ਨੂੰ ਦਿਲਾਸਾ ਦਿੱਤਾ ਤੇ ਪੰਜਾਬ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਰੰਤ ਇਸ ਵਿਅਕਤੀ ਦੀ ਬਾਂਹ ਫੜਨੀ ਚਾਹੀਦੀ ਹੈ ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਗਰੀਬ ਵਿਅਕਤੀ ਵਲੋਂ ਲੋੜੀਂਦਾ ਬਣਾਇਆ ਘਰੇਲੂ ਸਾਮਾਨ ਟੁੱਟ-ਭੱਜ ਗਿਆ ਹੈ। ਸਾਬਕਾ ਸਰਪੰਚ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੇ ਨਾਲ-ਨਾਲ ਗਰੀਬਾਂ ਦੇ ਘਰ ਤੇ ਮਕਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ।