JALANDHAR WEATHER

ਤੇਜ਼ ਮੀਂਹ ਨੇ ਗਰੀਬ ਪਰਿਵਾਰ ਨੂੰ ਕੀਤਾ ਘਰੋਂ ਬੇਘਰ

ਜਗਰਾਉਂ, (ਲੁਧਿਆਣਾ), 26 ਅਗਸਤ (ਕੁਲਦੀਪ ਸਿੰਘ ਲੋਹਟ)-ਪਿਛਲੇ ਕਈ ਦਿਨਾਂ ਤੋਂ ਤੇਜ਼ ਤਰਾਰ ਹੁੰਦੀ ਬਾਰਿਸ਼ ਨੇ ਗਰੀਬ ਪਰਿਵਾਰ ਨੂੰ ਘਰੋਂ ਬੇਘਰ ਕਰ ਦਿੱਤਾ ਹੈ ਤੇ ਗਰੀਬ ਪਰਿਵਾਰ ਸਿਰ ਤੋਂ ਖੁੱਸੀ ਛੱਤ ਨੂੰ ਲੈ ਕੇ ਵੱਡੀ ਮੁਸੀਬਤ ਵਿਚ ਪੈ ਗਿਆ ਹੈ। ਪਿੰਡ ਅਖਾੜਾ 'ਚ ਇਕ ਗਰੀਬ ਪਰਿਵਾਰ ਦੀ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਨਾਲ ਲੰਘੀ ਰਾਤ ਛੱਤ ਡਿੱਗ ਪਈ ਤੇ ਇਸ ਘਟਨਾ ਨਾਲ ਛੱਤ ਦੇ ਦੋ ਖਣ ਧੜੱਮ ਕਰਕੇ ਡਿੱਗੇ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਮੀਰ ਆਲਮ ਪਰਿਵਾਰ ਦੇ ਰਜ਼ਾਕ ਅਲੀ ਉਰਫ਼ ਕਾਲਾ ਖਾਂ ਪੁੱਤਰ ਅਵਤਾਰ ਖਾਂ ਉਰਫ਼ ਰਾਂਝੇ ਖਾਂ ਜੋ ਕਿ ਪਿਤਾ ਪੁਰਖੀ ਘਰ ਵਿਚ ਰਹਿ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨਾਲ ਰਜ਼ਾਕ ਅਲੀ ਦੇ ਪੰਜ ਖਣਾਂ ਦੇ ਕੋਠੜੇ 'ਚੋਂ ਦੇ ਦੋ ਖਣ ਡਿੱਗ ਪਏ, ਜਿਸ ਨਾਲ ਉਨ੍ਹਾਂ ਦੇ ਘਰ ਦਾ ਅੰਦਰਲਾ ਹਿੱਸਾ ਭਾਰੀ ਮੀਂਹ ਨਾਲ ਜਲਥਲ ਹੋ ਗਿਆ। ਰਜ਼ਾਕ ਅਲੀ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਇਹ ਵਾਕਿਆ ਵਾਪਰਿਆ, ਉਸ ਵੇਲੇ ਉਨ੍ਹਾਂ ਦੇ ਘਰ ਦੀ ਛੱਤ ਚੋਅ ਰਹੀ ਸੀ, ਜਿਸ ਕਰਕੇ ਉਹ ਜਾਗ ਰਹੇ ਸਨ। ਉਨ੍ਹਾਂ ਦੱਸਿਆ ਕਿ ਜਾਗਦੇ ਹੋਣ ਕਰਕੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਛੱਤ ਦੇ ਦੋ ਖਣ ਡਿੱਗ ਗਏ।

ਪੀੜ੍ਹਤ ਰਜ਼ਾਕ ਖਾਂ ਦੀ ਪਤਨੀ ਆਫ਼ਰੀਨ ਕੁਰੈਸ਼ੀ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਦਾ ਹੈ ਪਰ ਅਚਨਚੇਤ ਟੁੱਟੇ ਇਸ ਦੁੱਖਾਂ ਦੇ ਪਹਾੜ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਆਫ਼ਰੀਨ ਕੁਰੈਸ਼ੀ ਅਨੁਸਾਰ ਉਨ੍ਹਾਂ ਦੇ ਦੋ ਬੱਚੇ ਹਨ ਤੇ ਇਸ ਵੇਲੇ ਉਹ ਆਪਣੇ ਘਰ ਦੇ ਨਿੱਕੇ ਜਿਹੇ ਵਿਹੜੇ ਅੰਦਰ ਖੁੱਲ੍ਹੇ ਅਸਮਾਨ ਦੀ ਛੱਤ ਹੇਠ ਤਰਪਾਲ ਤਾਣ ਕੇ ਬੈਠੇ ਹਨ। ਉਨ੍ਹਾਂ ਆਖਿਆ ਕਿ ਇਸ ਵੇਲੇ ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ ਤੇ ਉਹ ਦੋ ਵੇਲੇ ਦਾ ਅੰਨ ਪਕਾਉਣ ਜੋਗੇ ਵੀ ਨਹੀਂ ਹਨ ਤੇ ਉਨ੍ਹਾਂ ਦਾ ਚੁੱਲ੍ਹਾ ਠੰਢਾ ਹੋਇਆ ਪਿਆ ਹੈ। ਪੀੜ੍ਹਤ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਮੁੜ ਵਸੇਬੇ ਲਈ ਆਰਥਿਕ ਮਦਦ ਮੰਗੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ