JALANDHAR WEATHER

ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਬੰਨ੍ਹ ਲੱਗਾ ਖੁਰਨ

ਮਾਛੀਵਾੜਾ ਸਾਹਿਬ, 26 ਅਗਸਤ (ਰਾਜਦੀਪ ਸਿੰਘ ਅਲਬੇਲਾ)-ਪੂਰੇ ਪੰਜਾਬ ਭਰ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਮ ਜਨ ਜੀਵਨ ਜਿਥੇ ਪ੍ਰਭਾਵਿਤ ਹੋ ਰਿਹਾ ਹੈ, ਉਥੇ ਦਰਿਆਵਾਂ, ਨਹਿਰਾਂ ਵਿਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ। ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਸਤਲੁਜ ਦਰਿਆ ਕੰਢੇ ਵਸੇ ਪਿੰਡ ਧੁੱਲੇਵਾਲ ਵਿਖੇ ਧੁੱਸੀ ਬੰਨ੍ਹ ਨੂੰ ਖੋਰਾ ਲੱਗ ਰਿਹਾ ਹੈ, ਜਿਸ ਦੇ ਬਚਾਅ ਕਾਰਜ ਸਿੰਚਾਈ ਵਿਭਾਗ ਦੀ ਟੀਮ, ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਪਹੁੰਚੇ ਹੋਏ ਹਨ। ਥੈਲਿਆਂ ਵਿਚ ਮਿੱਟੀ ਭਰ ਠੋਕਰਾਂ ਲਗਾਈਆਂ ਜਾ ਰਹੀਆਂ ਹਨ।

ਪਿੰਡ ਧੁੱਲੇਵਾਲ ਕੋਲੋਂ ਧੁੱਸੀ ਬੰਨ੍ਹ ਹਮੇਸ਼ਾ ਨਾਜ਼ੁਕ ਸਥਾਨ ਰਿਹਾ ਹੈ, ਜਿਥੋਂ ਹਮੇਸ਼ਾ ਹੜ੍ਹ ਵਾਲੀ ਸਥਿਤੀ ਬਣੀ ਰਹਿੰਦੀ ਹੈ। ਅੱਜ ਜਦੋਂ ਠੋਕਰਾਂ ਨੂੰ ਲੱਗ ਰਹੀ ਢਾਹ ਬਾਰੇ ਪਤਾ ਲੱਗਾ ਤਾਂ ਮੌਕੇ ’ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ, ਐੱਸ.ਪੀ.ਡੀ. ਪਵਨਜੀਤ, ਐੱਸ.ਡੀ.ਐੱਮ. ਰਜਨੀਸ਼ ਅਰੋੜਾ ਅਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਪੁੱਜੇ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਸਤਲੁਜ ਦਰਿਆ ਵਿਚ 49 ਹਜ਼ਾਰ ਦੇ ਕਰੀਬ ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ 2019 ਵਿਚ ਜਦੋਂ ਹੜ੍ਹ ਆਏ ਸਨ ਤਾਂ ਦਰਿਆ ਵਿਚ ਡੇਢ ਤੋਂ ਦੋ ਲੱਖ ਕਿਊਸਿਕ ਦੇ ਕਰੀਬ ਪਾਣੀ ਚੱਲ ਰਿਹਾ ਸੀ ਪਰ ਉਸ ਸਮੇਂ ਵੀ ਕੋਈ ਖ਼ਤਰੇ ਦਾ ਕੋਈ ਡਰ ਨਹੀਂ ਸੀ। ਇਸ ਮੌਕੇ ਪਹੁੰਚੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਸਿੰਚਾਈ ਵਿਭਾਗ ਅਤੇ ਹੋਰ ਵਿਭਾਗ ਲੋਕਾਂ ਦਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਦੇ ਨਾਜ਼ੁਕ ਸਥਾਨਾਂ ’ਤੇ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ ਜੋ 24 ਘੰਟੇ ਗਸ਼ਤ ਕਰਕੇ ਨਿਗਰਾਨੀ ਰੱਖਣਗੇ ਕਿ ਕਿਤੇ ਬੰਨ੍ਹ ਨੂੰ ਕੋਈ ਢਾਹ ਤਾਂ ਨਹੀਂ ਲੱਗ ਰਹੀ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਫਿਲਹਾਲ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਘੱਟ ਹੈ ਅਤੇ ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ।

ਇਸ ਮੌਕੇ ਐੱਸ.ਐੱਚ.ਓ. ਇੰਸਪੈਕਟਰ ਹਰਵਿੰਦਰ ਸਿੰਘ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਕਾਨੂੰਗੋ ਲਖਵਿੰਦਰ ਸਿੰਘ, ਟਰੱਕ ਯੂਨੀਅਨ ਪ੍ਰਧਾਨ ਬਲਪ੍ਰੀਤ ਸਿੰਘ ਸ਼ਾਮਗੜ੍ਹ, ਕੌਂਸਲਰ ਜਗਮੀਤ ਮੱਕੜ, ਬਿਜਲੀ ਵਿਭਾਗ ਦੇ ਐੱਸ.ਡੀ.ਓ. ਪ੍ਰੀਤ ਸਿੰਘ ਅਤੇ ਜੇ.ਈ. ਗੁਰਚਰਨ ਸਿੰਘ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਪ੍ਰਵੀਨ ਮੱਕੜ, ਤੇਜਿੰਦਰ ਸਿੰਘ ਗਰੇਵਾਲ, ਸਰਪੰਚ ਬਲਵਿੰਦਰ ਸਿੰਘ ਧੁੱਲੇਵਾਲ ਵੀ ਮੌਜੂਦ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ