ਭਾਰੀ ਬਾਰਿਸ਼ ਕਾਰਨ ਘਰ ਦੀ ਡਿੱਗੀ ਛੱਤ, ਪਰਿਵਾਰ ਦੇ ਸਾਰੇ ਮੈਂਬਰ ਹੋਏ ਜ਼ਖਮੀ


ਅਜਨਾਲਾ, (ਅੰਮ੍ਰਿਤਸਰ), 26 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਕੱਲ੍ਹ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਅੱਜ ਸਵੇਰੇ ਤੜਕਸਾਰ ਅਜਨਾਲਾ ਦੇ ਨਾਲ ਲੱਗਦੇ ਪਿੰਡ ਸਰਾਏ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਛੱਤ ਡਿੱਗਣ ਵਾਲੇ ਕਮਰੇ ਵਿਚ ਸੁੱਤੇ ਪਏ ਪਰਿਵਾਰਕ ਮੈਂਬਰਾਂ ’ਤੇ ਛੱਤ ਦਾ ਮਲਬਾ ਡਿੱਗ ਜਾਣ ਕਾਰਨ ਬੱਚਿਆਂ ਸਮੇਤ ਚਾਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਵਾਲ ਵਾਲ ਬਚਾਅ ਹੋਇਆ ਤੇ ਇਸ ਸਮੇਂ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੰਗਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਸੁੱਤਾ ਪਿਆ ਸੀ ਕਿ ਭਾਰੀ ਬਾਰਿਸ਼ ਕਾਰਨ ਅੱਜ ਸਵੇਰੇ ਕਰੀਬ 5 ਵਜੇ ਅਚਾਨਕ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ। ਮੰਗਲ ਸਿੰਘ ਨੇ ਅੱਗੇ ਦੱਸਿਆ ਕਿ ਮੇਰੀ ਪਤਨੀ, ਬੇਟਾ ਅਤੇ ਬੇਟੀ ਅਸੀਂ ਸਾਰੇ ਉਸ ਕਮਰੇ ਵਿਚ ਹੀ ਸੁੱਤੇ ਪਏ ਸੀ ਤੇ ਛੱਤ ਦਾ ਮਲਬਾ ਸਾਡੇ ਉੱਤੇ ਡਿੱਗ ਗਿਆ, ਜਿਸ ਕਾਰਨ ਸਾਡੇ ਸਾਰੇ ਜੀਆਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਛੱਤ ਦਾ ਮਲਬਾ ਡਿੱਗਣ ਕਾਰਨ ਉਸ ਦਾ ਲਗਭਗ 1 ਲੱਖ ਰੁਪਏ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ ਹੈ। ਮੰਗਲ ਸਿੰਘ ਅਤੇ ਮੌਕੇ ’ਤੇ ਮੌਜੂਦ ਸਾਬਕਾ ਸਰਪੰਚ ਜਸਬੀਰ ਸਿੰਘ ਸਰਾਏ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਸ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।