ਅਸੀਂ ਗਲਤ ਨੀਤੀਆਂ ਵਿਰੁੱਧ ਕਰਦੇ ਰਹਾਂਗੇ ਆਵਾਜ਼ ਬੁਲੰਦ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 26 ਅਗਸਤ- ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੌਰਭ ਭਾਰਦਵਾਜ ਦੇ ਘਰ ਈ.ਡੀ. ਵਲੋਂ ਕੀਤੀ ਜਾ ਰਹੀ ਛਾਪੇਮਾਰੀ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਸੌਰਭ ਭਾਰਦਵਾਜ ਦੇ ਘਰ ’ਤੇ ਈ.ਡੀ. ਦੀ ਛਾਪੇਮਾਰੀ ਮੋਦੀ ਸਰਕਾਰ ਵਲੋਂ ਏਜੰਸੀਆਂ ਦੀ ਦੁਰਵਰਤੋਂ ਦਾ ਇਕ ਹੋਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ‘ਆਪ’ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਤਿਹਾਸ ਵਿਚ ਕਦੇ ਵੀ ਕਿਸੇ ਪਾਰਟੀ ਨਾਲ ਨਹੀਂ ਕੀਤਾ ਗਿਆ।
‘ਆਪ’ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਭ੍ਰਿਸ਼ਟ ਕੰਮਾਂ ਵਿਰੁੱਧ ਸਭ ਤੋਂ ਵੱਧ ਬੁਲੰਦ ਆਵਾਜ਼ ਹੈ। ਉਨ੍ਹਾਂ ਕਿਹਾ ਕਿ ‘ਆਪ’ ਭਾਜਪਾ ਦੇ ਇਨ੍ਹਾਂ ਛਾਪਿਆਂ ਤੋਂ ਡਰਨ ਵਾਲੀ ਨਹੀਂ ਹੈ। ਅਸੀਂ ਦੇਸ਼ ਦੇ ਹਿੱਤ ਵਿਚ ਗਲਤ ਨੀਤੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ।